ਮੁੰਬਈ, 23 ਜਨਵਰੀ (ਇੰਟ.)-ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ. ਆਈ. ਆਈ.) ਦੇ ਸੀ. ਈ. ਓ. ਤੇ ਪੂਨਾਵਾਲਾ ਫਿਨਕਾਰਪ ਦੇ ਚੇਅਰਮੈਨ ਅਦਾਰ ਪੂਨਾਵਾਲਾ ਨੇ ਆਈ.ਪੀ.ਐਲ. ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਹਾਸਲ ਕਰਨ 'ਚ ਦਿਲਚਸਪੀ ਦਿਖਾਈ ਹੈ | ਅਦਾਰ ਪੂਨਾਵਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ 'ਚ ਟੀਮ ਲਈ ਇਕ ਮਜ਼ਬੂਤ ਬੋਲੀ ਲਗਾਉਣਗੇ | ਅਦਾਰ ਪੂਨਾਵਾਲਾ ਨੇ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਕਿ ਆਰ.ਸੀ.ਬੀ. ਆਈ.ਪੀ.ਐਲ. ਦੀਆਂ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਹੈ | ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸਨੇ ਟੀਮ 'ਚ ਦਿਲਚਸਪੀ ਦਿਖਾਈ ਹੈ | ਪਿਛਲੇ ਸਾਲ ਅਕਤੂਬਰ 'ਚ ਵੀ ਉਸਨੇ ਕਿਹਾ ਸੀ ਕਿ ਜੇਕਰ ਸਹੀ ਕੀਮਤ ਮਿਲਦੀ ਹੈ ਤਾਂ ਆਰ.ਸੀ.ਬੀ. ਇਕ ਵਧੀਆ ਨਿਵੇਸ਼ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਆਰ.ਸੀ.ਬੀ. ਵਰਤਮਾਨ 'ਚ ਬਹੁ-ਰਾਸ਼ਟਰੀ ਸ਼ਰਾਬ ਕੰਪਨੀ ਡਿਆਜੀਓ ਦੀ ਮਲਕੀਅਤ ਹੈ | ਡਿਆਜੀਓ ਨੇ ਮਾਰਕੀਟ ਰੈਗੂਲੇਟਰ ਸੇਬੀ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਇਲ ਚੈਲੇਂਜਰਸ ਸਪੋਰਟਸ ਪ੍ਰਾਈਵੇਟ ਲਿਮਟਿਡ (ਆਰ. ਸੀ. ਐਸ. ਪੀ. ਐਲ.) ਵਿਚ ਆਪਣੇ ਨਿਵੇਸ਼ ਦੀ ਰਣਨੀਤਕ ਸਮੀਖਿਆ ਕਰ ਰਿਹਾ ਹੈ, ਜੋ ਕਿ ਮੂਲ ਕੰਪਨੀ ਹੈ ਜੋ ਰਾਇਲ ਚੈਲੇਂਜਰਸ ਬੈਂਗਲੁਰੂ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਦੋਵਾਂ ਦਾ ਸੰਚਾਲਨ ਕਰਦੀ ਹੈ | ਇਹ ਸਮੀਖਿਆ 31 ਮਾਰਚ ਤੱਕ ਪੂਰੀ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਟੀਮ ਦੀ ਮਾਲਕੀ ਬਦਲ ਸਕਦੀ ਹੈ |