ਲੰਡਨ ਓਾਟਾਰੀਓ 'ਚ ਠੰਢ ਦਾ ਕਹਿਰ ਜਾਰੀ
ਅਜੀਤ ਡੈਸਕ
25-01-2026
ਲੰਡਨ ਓਨਟਾਰੀਓ, 24 ਜਨਵਰੀ (ਕੰਵਲਜੀਤ ਸਿੰਘ ਕੰਵਲ)-ਬੀਤੇ 48 ਘੰਟਿਆਂ ਤੋਂ ਕੈਨੇਡਾ ਦੇ ਸੂਬੇ ਓਨਟਾਰੀਓ ਭਰ 'ਚ ਭਾਰੀ ਬਰਫ਼ਬਾਰੀ ਤੇ ਠੰਢ ਦੀ ਚਿਤਾਵਨੀ ਤਾਂ ਪਹਿਲਾਂ ਹੀ ਦਿੱਤੀ ਗਈ ਸੀ ਪਰ ਠੰਢ ਅਤੇ ਬਰਫ਼ਬਾਰੀ ਦਾ ਪ੍ਰਕੋਪ ਅਜੇ ਵੀ ਜਾਰੀ ਹੈ | ਹਾਈਵੇ 401 ਵੈਸਟ 'ਤੇ ਵਸੇ ਲਗਭਗ 5 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਵਸਨੀਕਾਂ ਨੂੰ ਇਹਨੀਂ ਦਿਨੀਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੈਨੇਡਾ ਤੋਂ ਅਮਰੀਕਾ ਤੇ ਅਮਰੀਕਾ ਤੋਂ ਕੈਨੇਡਾ ਵਾਸਤੇ ਢੋਆ-ਢੁਆਈ ਲਈ ਇਸੇ ਹਾਈਵੇ ਨੂੰ ਹੀ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਹੈ | ਮੌਸਮ ਦੀ ਖ਼ਰਾਬੀ ਕਰਦੇ ਬੀਤੇ 24 ਘੰਟਿਆਂ ਦੌਰਾਨ ਹੋਈਆਂ ਕਈ ਦੁਰਘਟਨਾਵਾਂ ਕਰਦੇ ਓ.ਪੀ.ਪੀ. ਤੇ ਪ੍ਰਸ਼ਾਸਨ ਵੱਲੋਂ ਇਸ ਹਾਈਵੇ ਨੂੰ ਬੰਦ ਕਰਨਾ ਪਿਆ ਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ | ਇਸ ਖ਼ਰਾਬ ਮÏਸਮ ਦੇ ਚੱਲਦਿਆਂ ਲੰਡਨ ਓਨਟਾਰੀਓ ਇੰਟਰ ਨੈਸ਼ਨਲ ਏਅਰ ਪੋਰਟ ਤੋਂ ਚੱਲਣ ਤੇ ਆਉਣ ਵਾਲੀਆਂ ਉਡਾਣਾਂ 'ਤੇ ਅਸਰ ਵੀ ਵੇਖਣ ਨੂੰ ਮਿਲਿਆ, ਜਿਸ ਕਾਰਨ ਕੁੱਝ ਉਡਾਣਾਂ ਨੂੰ ਰੱਦ ਤੇ ਕੁੱਝ ਦਾ ਸਮਾਂ ਤਬਦੀਲ ਕਰਨਾ ਪਿਆ | ਲੰਡਨ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਬਰਫ਼ ਹਟਾਈ ਜਾ ਰਹੀ ਹੈ ਪਰ ਬਹੁਤ ਸਾਰੇ ਰਹਾਇਸ਼ੀ ਖੇਤਰਾਂ 'ਚ ਸੜਕੀ ਆਵਾਜਾਈ ਵੱਡੇ ਪੱਧਰ 'ਤੇ ਪਈ ਬਰਫ਼ਬਾਰੀ ਕਰਦੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਦੀ ਨਜ਼ਰ ਆਉਂਦੀ ਹੈ | ਇਸ ਵੇਲੇ ਦਾ ਬਾਹਰੀ ਤਾਪਮਾਨ ਮਨਫ਼ੀ 22 ਡਿਗਰੀ ਹੈ ਜੋ ਕਿ ਮਨਫ਼ੀ 35-40 ਡਿਗਰੀ ਮਹਿਸੂਸ ਕੀਤਾ ਜਾ ਰਿਹਾ | ਮÏਸਮ ਵਿਭਾਗ ਦੀ ਚਿਤਾਵਨੀ ਅਨੁਸਾਰ ਆਉਂਦੇ 48 ਘੰਟਿਆਂ ਦੌਰਾਨ ਕੁੱਝ ਹੋਰ ਬਰਫ਼ੀਲੇ ਤੂਫ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ |