ਸ਼ਿਮਲਾ, 28 ਜਨਵਰੀ (ਇੰਟ)-ਚੰਬਾ ਦੇ ਭਰਮੌੜ ਖੇਤਰ ਵਿਚ ਭਰਮਣੀ ਦੇਵੀ ਮੰਦਿਰ ਨੇੜੇ ਡੇਢ ਸਾਲ ਦਾ ਇੱਕ ਪਿੱਟਬੁੱਲ ਪਿਛਲੇ ਚਾਰ ਦਿਨਾਂ ਤੋਂ ਦੋ ਲਾਪਤਾ ਟ੍ਰੈਕਰਾਂ ਦੀ ਲਾਸ਼ਾਂ ਦੀ ਰਾਖੀ ਕਰ ਰਿਹਾ ਸੀ | ਪੀੜਤਾਂ ਦੀ ਪਛਾਣ ਵਿਕਸਿਤ ਰਾਣਾ (19) ਅਤੇ ਉਸਦੇ ਚਚੇਰੇ ਭਰਾ ਪੀਯੂਸ਼ (14) ਵਜੋਂ ਹੋਈ ਹੈ, ਜੋ ਬਰਫ਼ ਵਿਚ ਦੱਬੇ ਹੋਏ ਸਨ, ਜਦੋਂ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਬਹੁਤ ਜਿਆਦਾ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਪੀਯੂਸ਼ ਤੇ ਵਿਕਾਸ ਦੀਆਂ ਲਾਸ਼ਾਂ ਕੋਲ ਹੀ ਖੜਾ ਰਿਹਾ | ਪੁਲਿਸ ਨੇ ਕਿਹਾ ਕਿ ਵਿਕਾਸ ਅਤੇ ਪੀਯੂਸ਼ ਕ੍ਰਮਵਾਰ ਭਰਮੌੜ ਦੇ ਘਰੇਡ ਪਿੰਡ ਅਤੇ ਮਲਕੋਟਾ ਪਿੰਡ ਦੇ ਸਨ | ਉਨ੍ਹਾਂ ਕਿਹਾ ਕਿ ਦੋਵੇਂ ਟ੍ਰੈਕਰ, ਜੋ ਵਿਕਸਤ ਦੇ ਸੋਸ਼ਲ ਮੀਡੀਆ ਲਈ ਵੀਡੀਓ ਰਿਕਾਰਡ ਕਰਨ ਗਏ ਸਨ, 22 ਜਨਵਰੀ ਨੂੰ ਲਾਪਤਾ ਹੋ ਗਏ ਸਨ ਤੇ ਉਨ੍ਹਾਂ ਦੀਆਂ ਲਾਸ਼ਾਂ 26 ਜਨਵਰੀ ਨੂੰ ਬਰਾਮਦ ਕੀਤੀਆਂ ਗਈਆਂ ਸਨ | ਏ.ਐਸ.ਪੀ. (ਚੰਬਾ) ਦਿਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਇੱਕ ਬਲੌਗਰ ਸਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਹਾੜੀਆਂ ਦੀਆਂ ਵੀਡੀਓ ਅਤੇ ਫੋਟੋਆਂ ਅਪਲੋਡ ਕਰਨ ਦਾ ਸ਼ੌਕ ਸੀ | ਉਸਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਅਨੁਸਾਰ, ਉੱਚਾਈ ਵਾਲੇ ਖੇਤਰ ਵਿਚ ਜਾਣ ਤੋਂ ਪਹਿਲਾਂ, ਵਿਕਸਿਤ ਨੇ... ਸਲੀਪਿੰਗ ਬੈਗ, ਇੱਕ ਟ੍ਰੈਕਿੰਗ ਟੈਂਟ ਜਿਸ ਵਿਚ ਘੱਟੋ-ਘੱਟ ਦੋ ਲੋਕ ਰਹਿ ਸਕਦੇ ਸਨ, ਪੈਕ ਕੀਤਾ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਸੀ | ਉਹ ਸ਼ੇਰੂ ਨਾਮਕ ਆਪਣੇ ਪਾਲਤੂ ਜਾਨਵਰ ਪਿੱਟ ਬੁਲ ਨੂੰ ਵੀ ਨਾਲ ਲੈ ਗਿਆ ਸੀ | ਬਦਕਿਸਮਤੀ ਨਾਲ ਉਸ ਸਮੇਂ ਉਨ੍ਹਾਂ ਨੂੰ ਬਰਫੀਲੇ ਤੂਫ਼ਾਨ ਦਾ ਸਾਹਮਣਾ ਕਰਨਾ ਪਿਆ ਤੇ ਤਾਪਮਾਨ ਘਟ ਕੇ ਮਨਫ਼ੀ 9 ਅਤੇ ਮਨਫ਼ੀ 10 ਡਿਗਰੀ ਸੈਲਸੀਅਸ ਰਹਿ ਗਿਆ | ਸਾਨੂੰ ਲਾਸ਼ਾਂ ਦੇ ਨੇੜੇ ਸਲੀਪਿੰਗ ਬੈਗ, ਇੱਕ ਟੈਂਟ ਅਤੇ ਹੋਰ ਸਮਾਨ ਮਿਲਿਆ | ਏ.ਐਸ.ਪੀ. ਅਨੁਸਾਰ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਤੇ ਪਿਟਬੁਲ ਨੂੰ ਜਹਾਜ਼ ਰਾਹੀਂ ਲਿਆਂਦਾ ਤੇ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ |