ਅੰਮਿ੍ਤਸਰ, 2 ਫ਼ਰਵਰੀ (ਸੁਰਿੰਦਰ ਕੋਛੜ)-ਵਿਸ਼ਵ ਬੈਂਕ ਸਮੂਹ (ਡਬਲਿਊ.ਬੀ.ਜੀ.) ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਨੇ ਅੱਜ ਆਪਣੇ ਪਾਕਿਸਤਾਨ ਦੌਰੇ ਦੌਰਾਨ ਇਸਲਾਮਾਬਾਦ ਵਿਖੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ | ਬੈਠਕ ਦੌਰਾਨ ਪਾਕਿ ਨੇ ਦੇਸ਼ ਦੇ ਆਰਥਿਕ ਵਿਕਾਸ ਤੇ ਸੁਧਾਰਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਸਾਬਿਤ ਹੋਣ ਵਾਲੇ ਸਮੂਹ ਦੇ ਕੀਮਤੀ ਸਮਰਥਨ ਨੂੰ ਸਵੀਕਾਰ ਕੀਤਾ | ਪਾਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਸ਼ਾਹਬਾਜ਼ ਸ਼ਰੀਫ਼ ਨੇ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਵਜੋਂ ਬੰਗਾ ਦਾ ਆਪਣੀ ਪਹਿਲੀ ਅਧਿਕਾਰਤ ਫੇਰੀ ਲਈ ਸਵਾਗਤ ਕੀਤਾ | ਉਨ੍ਹਾਂ ਨੇ ਖਾਸ ਕਰਕੇ 10 ਸਾਲਾ ਡਬਲਿਊ.ਬੀ.ਜੀ. ਕੰਟਰੀ ਪਾਰਟਨਰਸ਼ਿਪ ਫਰੇਮਵਰਕ (ਸੀ.ਪੀ.ਐੱਫ਼.) ਰਾਹੀਂ ਸਮੂਹ ਦੀ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਤੇ ਦੇਸ਼ ਦੀਆਂ ਵਿਕਾਸ ਤਰਜੀਹਾਂ ਦਾ ਸਮਰਥਨ ਕਰਨ ਦੀ ਵਚਨਬੱਧਤਾ ਲਈ ਸ਼ਲਾਘਾ ਕੀਤੀ | ਸ਼ਰੀਫ਼ ਨੇ ਵਿਸ਼ਵ ਬੈਂਕ ਸਮੂਹ ਨੂੰ ਵਧੇਰੇ ਪ੍ਰਭਾਵਸ਼ਾਲੀ ਵਿਕਾਸ ਭਾਈਵਾਲ ਵਿਚ ਬਦਲਣ 'ਚ ਬੰਗਾ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਦਾਅਵਾ ਕੀਤਾ ਕਿ ਪਾਕਿ ਸਰਕਾਰ ਟਿਕਾਊ ਆਰਥਿਕ ਸਥਿਰਤਾ ਦੇ ਉਦੇਸ਼ ਨਾਲ ਬਹੁ-ਪੱਖੀ, ਵਿਆਪਕ , ਢਾਂਚਾਗਤ, ਘਰੇਲੂ ਪ੍ਰੋਗਰਾਮ ਦੇ ਨਾਲ ਆਰਥਿਕ ਸੁਧਾਰ ਏਜੰਡੇ 'ਤੇ ਜ਼ੋਰਦਾਰ ਢੰਗ ਨਾਲ ਕੰਮ ਕਰ ਰਹੀ ਹੈ | ਇਸ ਮੌਕੇ 'ਤੇ ਬੋਲਦੇ ਹੋਏ ਅਜੈ ਪਾਲ ਸਿੰਘ ਬੰਗਾ ਨੇ ਵਿਸ਼ਵ ਬੈਂਕ ਸਮੂਹ ਪਹੁੰਚ ਰਾਹੀਂ ਪਾਕਿ ਨੂੰ ਦਿੱਤੇ ਜਾ ਰਹੇ ਸਹਿਯੋਗ ਨੂੰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ | ਉਨ੍ਹਾਂ ਕਿਹਾ ਕਿ ਵਿਕਾਸ ਭਾਈਵਾਲਾਂ ਨਾਲ ਮਜ਼ਬੂਤ ਤਾਲਮੇਲ ਤੋਂ ਇਲਾਵਾ ਨਿੱਜੀ ਸਰੋਤਾਂ ਦਾ ਵਧੇਰੇ ਲਾਭ ਸਰਕਾਰ ਦੇ ਸੁਧਾਰ ਏਜੰਡੇ ਦੀ ਇੱਛਾ ਨੂੰ ਪੂਰਾ ਕਰਨ ਲਈ ਜ਼ਰੂਰੀ ਸੀ |