04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੈਪਸਿਸ ਨਾਮ ਦੀ ਗੰਭੀਰ ਬਿਮਾਰੀ ਤੋਂ ਬਚੀ ਮਨਜੀਤ ਕੌਰ ਸੰਘਾ ਹੁਣ ਲੋਕਾਂ ਨੂੰ ਜਾਗਰੂਕ ਕਰੇਗੀ -ਸੈਪਸਿਸ ਦੇ ਫੈਲਾਅ ਨੂੰ ਰੋਕਣ ਲਈ ਮਨਜੀਤ ਦੇ ਦੋਵੇਂ ਹੱਥ ਤੇ ਗੋਡਿਆਂ ਤੋਂ ਹੇਠਾਂ ਲੱਤਾਂ ਕੱਟਣੀਆਂ ਪਈਆਂ -ਯੂ.ਕੇ. 'ਚ ਹਰ ਸਾਲ ਹੋ ਰਹੀਆਂ ਸੈਪਸਿਸ ਕਾਰਨ 50 ਹਜ਼ਾਰ ਮੌਤਾਂ

Ad Position 21
No active advertisement
ਅਜੀਤ ਡੈਸਕ 23-02-2026
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੀ ਭਾਰਤੀ ਮੂਲ ਦੀ ਔਰਤ ਮਨਜੀਤ ਕੌਰ ਸੰਘਾ ਇਸ ਹਫ਼ਤੇ ਹਸਪਤਾਲ ਤੋਂ ਸੈਪਸਿਸ ਨਾਂਅ ਦੀ ਭਿਆਨਕ ਬਿਮਾਰੀ ਤੋਂ ਚਮਤਕਾਰੀ ਢੰਗ ਨਾਲ ਸਿਹਤਯਾਬ ਹੋ ਕੇ ਘਰ ਪਰਤੀ ਹੈ ਤੇ ਹੁਣ ਹੋਰ ਲੋਕਾਂ ਨੂੰ ਸੈਪਸਿਸ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਦੀ ਇੱਛਾ ਰੱਖਦੀ ਹੈ | 56 ਸਾਲਾ ਮਨਜੀਤ ਕੌਰ ਸੰਘਾ ਦੇ ਪਿਛਲੇ ਸਾਲ ਜੁਲਾਈ ਵਿਚ ਸੈਪਸਿਸ ਦੇ ਸੰਕਰਮਣ ਤੋਂ ਬਾਅਦ ਉਸਦੇ ਸਾਰੇ ਅੰਗ ਕੱਟ ਦਿੱਤੇ ਗਏ ਸਨ, ਡਾਕਟਰਾਂ ਦਾ ਮੰਨਣਾ ਹੈ ਕਿ ਇਹ ਪਾਲਤੂ ਕੁੱਤੇ ਦੇ ਇਕ ਛੋਟੇ ਜਿਹੇ ਕੱਟ ਜਾਂ ਸਕ੍ਰੈਚ 'ਤੇ ਚੱਟਣ ਕਾਰਨ ਹੋ ਸਕਦਾ ਹੈ | ਬਰਮਿੰਘਮ ਦੇ ਹਸਪਤਾਲ ਵਿਚ ਛੁੱਟੀ ਮਿਲਣ ਤੋਂ ਬਾਅਦ ਉਸਦੀ ਤੇ ਪਤੀ ਕਮਲਜੀਤ ਸੰਘਾ ਦੀ ਜ਼ਿੰਦਗੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਇਕ 'ਗੋ ਫੰਡ ਮੀ ਔਨਲਾਈਨ ਫੰਡਰੇਜ਼ਰ' ਸਥਾਪਤ ਕੀਤਾ ਗਿਆ ਹੈ | ਮਨਜੀਤ ਨੇ ਦੱਸਿਆ ਕਿ ਥੋੜ੍ਹੇ ਸਮੇਂ ਵਿਚ ਆਪਣੇ ਅੰਗ ਤੇ ਆਪਣੇ ਹੱਥ ਗੁਆਉਣਾ ਇਕ ਬਹੁਤ ਵੱਡੀ ਗੱਲ ਹੈ | ਇਹ ਬਹੁਤ ਗੰਭੀਰ ਹੈ ਤੇ ਇਸਨੂੰ ਹਲਕੇ ਵਿਚ ਨਹੀਂ ਲਿਆ ਜਾਣਾ ਚਾਹੀਦਾ | ਜਿਵੇਂ-ਜਿਵੇਂ ਉਹ ਠੀਕ ਹੋ ਰਹੀ ਹੈ ਅਤੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਰਹੀ ਹੈ, ਉਹ ਹੁਣ ਦੂਜਿਆਂ ਨੂੰ ਸੈਪਸਿਸ ਦੇ ਖ਼ਤਰੇ ਬਾਰੇ ਚੇਤਾਵਨੀ ਦੇਣਾ ਚਾਹੁੰਦੀ ਹੈ, ਕਿ 'ਇਹ ਕਿਸੇ ਨਾਲ ਵੀ ਹੋ ਸਕਦਾ ਹੈ |' ਸਾਬਕਾ ਫਾਰਮੇਸੀ ਕਰਮਚਾਰੀ ਸੰਘਾ ਨੇ ਦੱਸਿਆ ਕਿ ਉਹ ਪਿਛਲੇ ਸਾਲ ਜੁਲਾਈ ਵਿਚ ਇਕ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਆਈ ਸੀ ਤੇ ਬਿਮਾਰ ਮਹਿਸੂਸ ਕਰ ਰਹੀ ਸੀ ਤੇ ਅਗਲੀ ਸਵੇਰ ਤੱਕ ਉਹ ਬੇਹੋਸ਼ ਹੋ ਗਈ | ਉਸਦੇ ਹੱਥ ਅਤੇ ਪੈਰ ਬਰਫ਼ ਵਾਂਗ ਠੰਡੇ ਸਨ, ਉਸਦੇ ਬੁੱਲ੍ਹ ਜਾਮਨੀ ਹੋ ਗਏ ਤੇ ਉਸਨੂੰ ਸਾਹ ਲੈਣ 'ਚ ਵੀ ਮੁਸ਼ਕਲ ਆਉਣ ਲੱਗੀ | ਇੰਟੈਂਸਿਵ ਕੇਅਰ 'ਚ ਮਨਜੀਤ ਦਾ ਦਿਲ 6 ਵਾਰ ਬੰਦ ਹੋਇਆ ਤੇ ਸਰਜਨਾਂ ਨੇ ਬਿਮਾਰੀ ਦੇ ਫੈਲਣ ਕਾਰਨ ਉਸਦੇ ਦੋਵੇਂ ਪੈਰ ਗੋਡੇ ਦੇ ਹੇਠਾਂ ਤੇ ਨਾਲ ਹੀ ਉਸਦੇ ਦੋਵੇਂ ਹੱਥ ਕੱਟ ਦਿੱਤੇ | ਕਮਲਜੀਤ ਸਿੰਘ ਸੰਘਾ ਨੇ ਕਿਹਾ ਕਿ ਮਨਜੀਤ ਦਾ ਬਚ ਜਾਣਾ ਚਮਤਕਾਰੀ ਹੈ, ਉਹ ਦਲੇਰੀ ਨਾਲ ਬਿਮਾਰੀ ਨਾਲ ਲੜੀ ਹੈ | ਸੈਪਸਿਸ ਇਕ ਦੁਰਲੱਭ ਗੰਭੀਰ ਬੀਮਾਰੀ ਹੈ, ਜੋ ਉਦੋਂ ਵਾਪਰਦੀ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਹੀ ਬਿਮਾਰੀ ਤੇ ਲਾਗ ਨਾਲ ਲੜਨ ਦੀ ਬਜਾਏ ਸਰੀਰ ਦੇ ਆਪਣੇ ਟਿਸ਼ੂਆਂ ਤੇ ਅੰਗਾਂ 'ਤੇ ਹਮਲਾ ਕਰ ਦਿੰਦਾ ਹੈ | ਯੂ.ਕੇ. ਦੀ ਨੈਸ਼ਨਲ ਹੈਲਥ ਸਰਵਿਸ ਦੇ ਅਨੁਸਾਰ, ਇਸਦੇ ਲੱਛਣਾਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ ਤੇ ਇਸ ਵਿਚ ਪੀੜਤ ਥੁਥਲਾ ਕੇ ਬੋਲਣਾ, ਬਹੁਤ ਜ਼ਿਆਦਾ ਕੰਬਣਾ ਜਾਂ ਮਾਸਪੇਸ਼ੀਆਂ 'ਚ ਦਰਦ, ਸਾਹ ਚੜ੍ਹਨਾ ਤੇ ਚਮੜੀ ਦਾ ਰੰਗ ਬਦਲਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ | ਯੂ.ਕੇ. ਵਿਚ ਸੈਪਸਿਸ ਸੰਬੰਧੀ 50 ਹਜ਼ਾਰ ਮੌਤਾਂ ਹਰ ਸਾਲ ਹੁੰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੂੰਨੀ ਕਿਸ਼ਤੀਆਂ 'ਤੇ ਨਿਗਰਾਨੀ ਲਈ ਸਰਕਾਰ ਵੱਲੋਂ ਹੋਰ 3 ਕਰੋੜ 50 ਲੱਖ ਪੌਂਡ ਖਰਚਣ ਦੀ ਤਿਆਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ 'ਪੰਜਾਬ ਬਚਾਓ ਰੈਲੀ' 'ਚ ਪਹੁੰਚੇ ਵਰਕਰਾਂ ਦਾ ਧੰਨਵਾਦ
Ad Position 24