04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੈਰ-ਕਾਨੂੰਨੀ ਕਿਸ਼ਤੀਆਂ 'ਤੇ ਨਿਗਰਾਨੀ ਲਈ ਸਰਕਾਰ ਵੱਲੋਂ ਹੋਰ 3 ਕਰੋੜ 50 ਲੱਖ ਪੌਂਡ ਖਰਚਣ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 23-02-2026
ਲੈਸਟਰ (ਇੰਗਲੈਂਡ), 22 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਸਰਕਾਰ ਵੱਲੋਂ ਸਮੁੰਦਰ ਰਾਹੀਂ ਆ ਰਹੇ ਗੈਰਕਾਨੂੰਨੀ ਪਰਵਾਸੀਆਂ 'ਤੇ ਨਿਗਰਾਨੀ ਮਜ਼ਬੂਤ ਕਰਨ ਲਈ ਇਕ ਵਾਰ ਫਿਰ ਵੱਡੀ ਰਕਮ ਖਰਚਣ ਦੀ ਯੋਜਨਾ ਬਣਾਈ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਹੁਣ ਹੋਰ 3 ਕਰੋੜ 50 ਲੱਖ ਪੌਂਡ ਖਰਚ ਕਰਕੇ ਨਿਗਰਾਨੀ ਲਈ ਬਿਨਾਂ ਚਾਲਕ ਵਾਲੇ ਉੱਡਣ ਵਾਲੇ ਯੰਤਰਾਂ ਦੀ ਗਿਣਤੀ ਵਧਾਏਗੀ | ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਲਗਭਗ 10 ਕਰੋੜ ਪੌਂਡ ਇਸ ਤਰ੍ਹਾਂ ਦੀ ਨਿਗਰਾਨੀ ਪ੍ਰਣਾਲੀ 'ਤੇ ਖਰਚ ਕੀਤੇ ਜਾ ਚੁੱਕੇ ਹਨ, ਪਰ ਵਿਰੋਧੀ ਧਿਰਾਂ ਤੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਗੈਰ-ਕਾਨੂੰਨੀ ਦਾਖਲਿਆਂ ਨੂੰ ਰੋਕਣ ਵਿਚ ਵੱਡੀ ਸਫਲਤਾ ਨਹੀਂ ਮਿਲੀ | ਸਰਕਾਰੀ ਯੋਜਨਾ ਅਨੁਸਾਰ ਇਹ ਉੱਡਣ ਵਾਲੇ ਯੰਤਰ ਹਰ ਸਾਲ ਕਰੀਬ 5 ਹਜ਼ਾਰ ਘੰਟੇ ਸਮੁੰਦਰੀ ਖੇਤਰ 'ਤੇ ਨਿਗਰਾਨੀ ਕਰਨਗੇ, ਜੋ ਲਗਾਤਾਰ 200 ਤੋਂ ਵੱਧ ਦਿਨਾਂ ਦੀ ਕਾਰਵਾਈ ਦੇ ਬਰਾਬਰ ਮੰਨੀ ਜਾ ਰਹੀ ਹੈ | ਇਨ੍ਹਾਂ ਰਾਹੀਂ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਤੇ ਵੀਡੀਓ ਇਕੱਠੀਆਂ ਕਰਕੇ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ 'ਚ ਮਦਦ ਮਿਲਣ ਦੀ ਉਮੀਦ ਜਤਾਈ ਗਈ ਹੈ | ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਰਾਨੀ ਨਾਲ ਕਿਸ਼ਤੀਆਂ ਚਲਾਉਣ ਵਾਲੇ ਦਲਾਲਾਂ ਦੀ ਪਹਿਚਾਣ ਕਰਨ ਵਿਚ ਸਹਾਇਤਾ ਮਿਲਦੀ ਹੈ ਤੇ ਅਦਾਲਤੀ ਮਾਮਲਿਆਂ ਲਈ ਸਬੂਤ ਵੀ ਇਕੱਠੇ ਹੁੰਦੇ ਹਨ | ਹਾਲਾਂਕਿ ਪਿਛਲੇ ਅੰਕੜੇ ਦਰਸਾਉਂਦੇ ਹਨ ਕਿ ਹਰ ਸੈਂਕੜਿਆਂ ਗੈਰਕਾਨੂੰਨੀ ਤੌਰ 'ਤੇ ਪਹੁੰਚਣ ਵਾਲਿਆਂ ਵਿਚੋਂ ਬਹੁਤ ਘੱਟ ਲੋਕਾਂ ਖਿਲਾਫ਼ ਕਾਰਵਾਈ ਹੋ ਸਕੀ ਹੈ | ਸਰਕਾਰ ਦਾ ਦਾਅਵਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਖਿਲਾਫ਼ ਕਾਰਵਾਈਆਂ ਵਿਚ ਵਾਧਾ ਕੀਤਾ ਗਿਆ ਹੈ ਤੇ ਨਿਗਰਾਨੀ ਤਕਨੀਕ ਇਸ ਮੁਹਿੰਮ ਦਾ ਅਹਿਮ ਹਿੱਸਾ ਬਣ ਚੁੱਕੀ ਹੈ | ਦੂਜੇ ਪਾਸੇ ਵਿਰੋਧੀ ਆਵਾਜ਼ਾਂ ਦਾ ਕਹਿਣਾ ਹੈ ਕਿ ਵੱਡੀ ਰਕਮ ਖਰਚ ਕਰਨ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਅਜੇ ਤੱਕ ਸਾਹਮਣੇ ਨਹੀਂ ਆਇਆ | ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇਹ ਠੇਕਾ ਚਾਰ ਸਾਲਾਂ ਤੱਕ ਚੱਲਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਸਮੁੰਦਰੀ ਸਰਹੱਦਾਂ 'ਤੇ ਲਗਾਤਾਰ ਨਿਗਰਾਨੀ ਜਾਰੀ ਰਹੇਗੀ | ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਪਰਵਾਸ ਨੀਤੀ ਤੇ ਸਰਹੱਦੀ ਸੁਰੱਖਿਆ ਬਰਤਾਨੀਆ ਦੀ ਰਾਜਨੀਤੀ ਦਾ ਕੇਂਦਰੀ ਮੁੱਦਾ ਬਣੀ ਰਹੇਗੀ |


Ad Position 22
No active advertisement
ਪਿਛਲੀ ਖ਼ਬਰ ਰੀਫਾਰਮ ਪਾਰਟੀ ਦੇ ਪਰਵਾਸੀ ਯੋਜਨਾ ਐਲਾਨ 'ਤੇ ਚਰਚਾ ਤੇਜ਼ ਅਗਲੀ ਖ਼ਬਰ ਸੈਪਸਿਸ ਨਾਮ ਦੀ ਗੰਭੀਰ ਬਿਮਾਰੀ ਤੋਂ ਬਚੀ ਮਨਜੀਤ ਕੌਰ ਸੰਘਾ ਹੁਣ ਲੋਕਾਂ ਨੂੰ ਜਾਗਰੂਕ ਕਰੇਗੀ -ਸੈਪਸਿਸ ਦੇ ਫੈਲਾਅ ਨੂ...
Ad Position 24