ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ 'ਚ ਕਿੰਗਜ਼ ਹਾਲ ਮੈਥੋਡਿਸਟ ਚਰਚ ਦੀ ਇਮਾਰਤ ਨੂੰ ਬੀਤੀ ਰਾਤ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਸ਼ਾਮੀ 9.30 ਵਜੇ ਦੇ ਕਰੀਬ ਲੋਕਾਂ ਵੱਲੋਂ ਅੱਗ ਲੱਗਣ ਬਾਰੇ ਸੂਚਨਾ ਦਿੱਤੀ ਗਈ, ਲਗਭਗ 20 ਤੋਂ ਵੱਧ ਕਾਲਾਂ ਐਮਰਜੈਂਸੀ ਸੇਵਾਵਾਂ ਨੂੰ ਪ੍ਰਾਪਤ ਹੋਈਆਂ | ਲੰਡਨ ਫਾਇਰ ਬਿ੍ਗੇਡ ਨੇ ਸਾਊਥਾਲ, ਈਲਿੰਗ, ਹੈਸਟਨ ਅਤੇ ਇਸ ਤੋਂ ਬਾਹਰ ਦੇ ਸਟੇਸ਼ਨਾਂ ਤੋਂ ਆਏ 10 ਫਾਇਰ ਇੰਜਣ ਤੇ 70 ਅਮਲੇ ਦੇ ਮੈਬਰਾਂ ਨੇ ਸਾਊਥ ਰੋਡ 'ਤੇ ਲੱਗੀ ਤੇ ਕਾਬੂ ਪਾਉਣ ਲਈ ਕਰੜੀ ਮੁਸ਼ੱਕਤ ਕੀਤੀ | ਅੱਗ ਨੇ ਜ਼ਿਆਦਾਤਰ ਜ਼ਮੀਨੀ ਮੰਜ਼ਿਲ, ਦੂਜੀ ਮੰਜ਼ਿਲ ਤੇ ਛੱਤ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ ਹੈ | 2 ਟਰਨਟੇਬਲ ਪੌੜੀਆਂ ਦੀ ਵਰਤੋਂ ਕਰਕੇ ਅੱਗ ਬੁਝਾਊ ਅਮਲੇ ਨੇ ਉੱਪਰੋਂ ਸੜ ਰਹੀ ਇਮਾਰਤ ਤੇ ਪਾਣੀ ਸੁੱਟਿਆ | ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਪਾਰਕ ਰੋਡ ਤੇ ਹਾਈ ਸਟਰੀਟ ਦੇ ਵਿਚਕਾਰ ਦੋਵਾਂ ਦਿਸ਼ਾਵਾਂ 'ਚ ਸਾਊਥ ਰੋਡ ਬੰਦ ਕਰਨੀ ਪਈ | ਫਾਇਰ ਫਾਈਟਰਜ਼ ਨੇ ਸਵੇਰੇ 12.30 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੇ ਕਾਰਨ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ |