ਸ਼ਿਕਾਗੋ, 23 ਫਰਵਰੀ (ਕੇਵਲ ਗੁਰਾਇਆ)-ਮਾਂ ਬੋਲੀ ਦਿਵਸ ਕਰਾਊਨ ਪੁਆਇੰਟ ਇੰਡੀਆਨਾ ਵਿਖੇ ਮਨਾਇਆ ਗਿਆ | ਪੰਜਾਬੀ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ | ਇਸ ਮੌਕੇ ਬੋਲਦੇ ਹੋਏ ਬੁਲਾਰਿਆਂ ਨੇ ਦੱਸਿਆਂ ਕਿ 1952 ਈਸਵੀਂ ਵਿਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜ਼ਬਰਦਸਤੀ ਉਰਦੂ ਠੋਸਣ ਦੇ ਖ਼ਿਲਾਫ਼ ਆਪਣੀ ਮਾਂ ਬੋਲੀ ਬੰਗਾਲੀ ਦੇ ਹੱਕ 'ਚ ਜ਼ਬਰਦਸਤ ਮੁਜ਼ਾਹਰਾ ਕੀਤਾ | ਸਮੇਂ ਦੀ ਹਕੂਮਤ ਨੇ ਪੁਲਿਸ ਦਾ ਸਹਾਰਾ ਲੈ ਕੇ ਉਨ੍ਹਾਂ ਉੱਪਰ ਲਾਠੀ ਚਾਰਜ ਤੇ ਗੋਲੀਆਂ ਦੀ ਬੁਛਾੜ ਕੀਤੀ, ਸਿੱਟੇ ਵਜੋਂ ਪੰਜ ਵਿਦਿਆਰਥੀ ਸ਼ਹੀਦ ਹੋ ਗਏ ਸਨ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ | ਹੌਲੀ ਹੌਲੀ ਇਹ ਮੰਗ ਹੋਰ ਮੁਲਕਾਂ 'ਚ ਵੀ ਉਠਾਈ ਜਾਣ ਲੱਗੀ | ਬਾਅਦ ਵਿਚ ਯੂ.ਐਨ.ਓ. ਵਲੋਂ ਮਤਾ ਪਾਸ ਕਰਕੇ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਉਨ੍ਹਾਂ ਦੱਸਿਆਂ ਕਿ ਇਸ ਵੇਲੇ ਦੁਨੀਆਂ ਭਰ ਵਿਚ ਲਗਭਗ 15 ਕਰੋੜ ਲੋਕ ਪੰਜਾਬੀ ਬੋਲਦੇ ਹਨ | ਬੱਚਿਆਂ ਨੇ ਰਵਿੰਦਰ ਸਹਿਰਾਅ ਅਤੇ ਪ੍ਰੋ. ਗੁਰਭਜਨ ਗਿੱਲ ਦੀਆਂ ਕਵਿਤਾਵਾਂ ਪੇਸ਼ ਕੀਤੀਆਂ |