ਸੁਲਤਾਨਪੁਰ ਲੋਧੀ, 23 ਫ਼ਰਵਰੀ (ਥਿੰਦ)- ਵੀ.ਕੇ.ਐੱਨ.ਐੱਸ. ਗਰੁੱਪ ਵੱਲੋਂ ਅਰਮਾਨ ਕੋਲਡ ਸਟੋਰ, ਐਂਟੀ ਡਰੱਗ ਕਲੱਬ ਦੁਆਬਾ ਤੇ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੇ ਬਾਬਾ ਬਘੇਲ ਸਿੰਘ ਕਬੱਡੀ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਤੌਰ 'ਤੇ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਧਿਆਨ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ | ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ | ਐਂਟੀ ਡਰੱਗ ਕਲੱਬ ਦੁਆਬਾ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ 'ਚ ਵਿਸ਼ੇਸ਼ ਸੈਮੀਨਾਰ ਕਰਵਾਏ ਜਾ ਰਹੇ ਹਨ | ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਵਾਗਤ ਕਰਦਿਆਂ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਸੰਧਵਾਂ ਸਾਹਿਬ ਦੇ ਅਸ਼ੀਰਵਾਦ ਸਦਕਾ ਐਂਟੀ ਡਰੱਗ ਕਲੱਬ ਦੁਆਬਾ ਵੱਲੋਂ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਤਿਆਰ ਕਰਨ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਵੱਡੀ ਗਿਣਤੀ ਵਿਚ ਨੌਜਵਾਨ ਨਸ਼ਿਆਂ ਤੋਂ ਤੌਬਾ ਕਰਕੇ ਉਨ੍ਹਾਂ ਦੀ ਸੰਸਥਾ ਨਾਲ ਜੁੜ ਗਏ ਹਨ | ਇਸ ਮੌਕੇ ਵੀ. ਕੇ. ਐਨ. ਐਸ. ਗਰੁੱਪ ਦੇ ਚੇਅਰਪਰਸਨ ਕੁਲਵੰਤ ਕੌਰ, ਅਰਮਾਨ ਕੋਲਡ ਸਟੋਰ ਦੇ ਐਮ.ਡੀ. ਹਰਦਿਆਲ ਸਿੰਘ ਚੀਮਾ, ਅਕਾਲ ਗਰੁੱਪ ਦੇ ਐਮ.ਡੀ. ਸੁਖਦੇਵ ਸਿੰਘ ਜੱਜ, ਨਵਪ੍ਰੀਤ ਸਿੰਘ, ਬਾਬਾ ਬਘੇਲ ਸਿੰਘ ਕਬੱਡੀ ਕਲੱਬ ਦੇ ਚੇਅਰਮੈਨ ਜਗਦੀਪ ਸਿੰਘ ਵਲੋਂ ਸਪੀਕਰ ਸੰਧਵਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ ਕਪੂਰਥਲਾ, ਕੁਲਵਿੰਦਰ ਸਿੰਘ, ਕਰਨੈਲ ਸਿੰਘ, ਮਾਨਵ ਧੀਰ, ਅਜੀਤਪਾਲ ਸਿੰਘ ਆਦਿ ਹਾਜ਼ਰ ਸਨ |