ਲੰਡਨ, 24 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਅਕੈਡਮੀ ਫਿਲਮ ਪੁਰਸਕਾਰ (ਬਾਫਟਾ) ਨੇ ਪੁਰਸਕਾਰ ਸਮਾਰੋਹ ਦੌਰਾਨ ਟੌਰੇਟ ਸਿੰਡਰੋਮ ਕਾਰਕੁਨ ਜੌਨ ਡੇਵਿਡਸਨ ਵਲੋਂ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ | ਇਹ ਘਟਨਾ ਉਦੋਂ ਵਾਪਰੀ ਜਦੋਂ ''ਸਿਨਰਜ਼' ਦੇ ਸਟਾਰ ਮਾਈਕਲ ਬੀ. ਜੌਰਡਨ ਤੇ ਡੇਲਰੋਏ ਲਿੰਡੋ ਪੁਰਸਕਾਰ ਪੇਸ਼ ਕਰ ਰਹੇ ਸਨ | ਡੇਵਿਡਸਨ ਦੀ ਬਿਮਾਰੀ ਕਾਰਨ, ਇਹ ਸ਼ਬਦ ਅਚਾਨਕ ਪ੍ਰਸਾਰਣ ਦੌਰਾਨ ਸੁਣਾਈ ਦਿੱਤੇ | ਨਸਲੀ ਟਿੱਪਣੀਆਂ ਉਸ ਸਮੇਂ ਕੀਤੀਆਂ ਗਈਆਂ ਜਦੋਂ ਜੌਰਡਨ ਅਤੇ ਲਿੰਡੋ ਫਿਲਮ 'ਅਵਤਾਰ: ਫਾਇਰ ਐਂਡ ਐਸ਼ੇਜ਼' ਨੂੰ ਸਰਵੋਤਮ ਵਿਜ਼ੂਅਲ ਇਫੈਕਟਸ ਲਈ ਪੁਰਸਕਾਰ ਪੇਸ਼ ਕਰ ਰਹੇ ਸਨ | ਬਾਫਟਾ ਨੇ ਕਿਹਾ ਕਿ ਬਾਫਟਾ ਫਿਲਮ ਪੁਰਸਕਾਰ ਸਮਾਰੋਹ ਵਿਚ ਸਾਡੇ ਮਹਿਮਾਨਾਂ ਨੇ ਬਹੁਤ ਹੀ ਅਪਮਾਨਜਨਕ ਭਾਸ਼ਾ ਸੁਣੀ, ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਸਦਮਾ ਲੱਗਾ | ਜਿਸ ਲਈ ਅਸੀਂ ਸਾਰਿਆਂ ਤੋਂ ਮੁਆਫੀ ਮੰਗਦੇ ਹਾਂ | ਬਿਆਨ 'ਚ ਕਿਹਾ ਗਿਆ ਹੈ ਸਾਡੇ ਮਹਿਮਾਨਾਂ ਵਿੱਚੋਂ ਇਕ ਜੌਨ ਡੇਵਿਡਸਨ (ਐਮ ਬੀ ਈ) ਨੂੰ ਟੂਰੇਟ ਸਿੰਡਰੋਮ ਹੈ ਤੇ ਉਸਨੇ ਇਸ ਸਥਿਤੀ ਦੀ ਬਿਹਤਰ ਸਮਝ ਲਈ ਸਿੱਖਿਆ ਤੇ ਮੁਹਿੰਮ ਚਲਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ | ਬਿਆਨ ਦੇ ਅਨੁਸਾਰ ਜਦੋਂ ਟੂਰੇਟ ਸਿੰਡਰੋਮ ਵਾਲੇ ਇਕ ਵਿਅਕਤੀ ਦੇ ਮੂੰਹ ਵਿੱਚੋਂ ਅਣਇੱਛਤ ਸ਼ਬਦ (ਟਿੱੱਕ) ਨਿਕਲਦਾ ਹੈ, ਜਿਸ 'ਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ | ਇਹ ਸ਼ਬਦ ਕਿਸੇ ਵੀ ਤਰ੍ਹਾਂ ਕਿਸੇ ਵਿਅਕਤੀ ਦੇ ਵਿਸ਼ਵਾਸਾਂ ਨੂੰ ਦਰਸਾਉਂਦੇ ਨਹੀਂ ਹਨ, ਨਾ ਹੀ ਇਹ ਜਾਣਬੁੱਝ ਕੇ ਬੋਲੇ ਜਾਂਦੇ ਹਨ | ਜੌਨ ਡੇਵਿਡਸਨ ਬਾਫਟਾ-ਨਾਮਜ਼ਦ ਫਿਲਮ 'ਆਈ ਸਵੇਅਰ' ਦੇ ਕਾਰਜਕਾਰੀ ਨਿਰਮਾਤਾ ਹਨ, ਜੋ ਉਹਨਾਂ ਦੇ ਜੀਵਨ ਦੇ ਤਜ਼ਰਬਿਆਂ 'ਤੇ ਅਧਾਰਤ ਹੈ | ਬਾਫਟਾ ਨੇ ਕਿਹਾ ਕਿ ਉਸਨੇ ਐਤਵਾਰ ਦੇ ਸਮਾਰੋਹ 'ਚ ਹਾਜ਼ਰੀਨ ਨੂੰ ਡੇਵਿਡਸਨ ਦੀ ਸਥਿਤੀ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ | ਬਾਫਟਾ ਨੇ ਇਕ ਬਿਆਨ 'ਚ ਕਿਹਾ ਕਿ ਸਮਾਰੋਹ ਦੀ ਸ਼ੁਰੂਆਤ 'ਚ ਦਰਸ਼ਕਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਕ ਬਹੁਤ ਹੀ ਅਪਮਾਨਜਨਕ ਸ਼ਬਦ ਸੁਣਿਆ | ਮਾਈਕਲ ਬੀ. ਜੌਰਡਨ ਤੇ ਡੇਲਰੋਏ ਲਿੰਡੋ ਉਸ ਸਮੇਂ ਸਟੇਜ 'ਤੇ ਸਨ | ਅਸੀਂ ਉਨ੍ਹਾਂ ਤੋਂ ਤੇ ਪ੍ਰਭਾਵਿਤ ਸਾਰਿਆਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਾਂ | ਅਸੀਂ ਮਾਈਕਲ ਤੇ ਡੇਲਰੋਏ ਦਾ ਉਨ੍ਹਾਂ ਦੀ ਸ਼ਾਨਦਾਰ ਮਾਣ-ਮਰਿਆਦਾ ਤੇ ਪੇਸ਼ੇਵਰਤਾ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ |