ਮਿ੍ਤਕ ਮਹਿਲਾ ਦੀ ਟਰਾਂਸਪਲਾਂਟ ਕੀਤੀ ਕੁੱਖ ਤੋਂ ਪੈਦਾ ਹੋਇਆ ਬੱਚਾ
ਅਜੀਤ ਡੈਸਕ
25-02-2026
ਲੰਡਨ, 24 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਮੈਡੀਕਲ ਸਾਇੰਸ ਨੇ ਨਵਾਂ ਚਮਤਕਾਰੀ ਇਤਿਹਾਸ ਰਚਿਆ ਹੈ | ਇਕ ਮਿ੍ਤਕ ਮਹਿਲਾ ਦੀ ਟਰਾਂਸਪਲਾਂਟ ਕੀਤੀ ਕੁੱਖ ਤੋਂ 30 ਸਾਲਾ ਗ੍ਰੇਸ ਬੈਲ ਨੇ ਬੇਟੇ ਨੂੰ ਜਨਮ ਦਿੱਤਾ ਹੈ | ਰਿਪੋਰਟ ਮੁਤਾਬਿਕ ਗ੍ਰੇਸ ਬੈੱਲ ਜੋ ਕੁੱਖ ਤੋਂ ਬਿਨਾਂ ਪੈਦਾ ਹੋਈ ਸੀ, ਜਦਕਿ ਹੁਣ ਉਹ ਇਕ ਬੇਟੇ ਹਿਊਗੋ ਦੀ ਮਾਂ ਹੈ, ਜੋ 10 ਹਫ਼ਤਿਆਂ ਦਾ ਹੈ | ਬੈੱਲ ਤੇ ਉਸਦੇ ਸਾਥੀ ਸਟੀਵ ਪਾਵੇਲ ਜੋ ਕੈਂਟ ਤੋਂ ਹਨ, ਨੇ ਦਾਨੀ ਤੇ ਉਸਦੇ ਪਰਿਵਾਰ ਦੀ 'ਅਦਭੁਤ ਤੋਹਫ਼ੇ' ਲਈ ਧੰਨਵਾਦ ਕਰਦਿਆਂ ਆਕਸਫੋਰਡ ਤੇ ਲੰਡਨ 'ਚ ਮੈਡੀਕਲ ਟੀਮਾਂ ਦਾ ਧੰਨਵਾਦ ਕੀਤਾ ਹੈ | ਜਿਹਨਾਂ ਦੀ ਬਦੌਲਤ ਉਹ ਮਾਤਾ-ਪਿਤਾ ਬਣ ਸਕੇ ਹਨ | ਸਰਜਨਾਂ ਨੇ ਕਿਹਾ ਕਿ ਇਹ ਇਕ ਮਾਂ ਲਈ ਖਾਸ ਪਲ ਸੀ, ਜਿਸ ਨੇ ਹੋਰ ਔਰਤਾਂ ਨੂੰ ਉਮੀਦ ਦਿੱਤੀ ਹੈ | ਹਿਊਗੋ ਦਾ ਜਨਮ ਕਿ੍ਸਮਸ 2025 ਤੋਂ ਠੀਕ ਪਹਿਲਾਂ ਹੋਇਆ ਸੀ, ਜਿਸਦਾ ਭਾਰ ਲਗਭਗ 7 ਪੌਂਡ ਸੀ | ਕੁੱਖ ਟ੍ਰਾਂਸਪਲਾਂਟ ਆਪ੍ਰੇਸ਼ਨ ਜੂਨ 2024 'ਚ ਆਕਸਫੋਰਡ ਦੇ ਚਰਚਿਲ ਹਸਪਤਾਲ 'ਚ ਹੋਇਆ ਸੀ | ਮਿ੍ਤਕ ਮਹਿਲਾ ਦੀ ਕੁੱਖ ਟਰਾਂਸਪਲਾਂਟ ਦੇ 10 ਤਜ਼ਰਬੇ ਵਾਲੇ ਕੇਸਾਂ ਚੋਂ ਇਹ ਤੀਜਾ ਕੇਸ ਸੀ ਜਿਹਨਾਂ 'ਚੋਂ ਪਹਿਲੇ ਬੱਚੇ ਨੇ ਜਨਮ ਲਿਆ ਹੈ |