ਐਬਟਸਫੋਰਡ, 5 ਮਾਰਚ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਅੱਜ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਵੇਰੇ ਹੋਲੀ ਮਨਾਈ ਗਈ ਤੇ ਦੁਪਹਿਰ 1.30 ਤੋਂ ਸ਼ਾਮ 7 ਵਜੇ ਤੱਕ ਵਿਧਾਨ ਸਭਾ ਸੈਸ਼ਨ ਚੱਲਦਾ ਰਿਹਾ | ਇਸ ਮੌਕੇ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਸਿੱਖ ਤੇ ਹਿੰਦੂ ਭਾਈਚਾਰੇ ਨੂੰ ਹੋਲੇ ਮਹੱਲੇ ਤੇ ਹੋਲੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਿੱਥੇ ਹੋਲਾ ਮਹੱਲਾ ਸਿੱਖ ਭਾਈਚਾਰੇ ਲਈ ਚੜ੍ਹਦੀ ਕਲਾ, ਬਹਾਦਰੀ ਤੇ ਸੂਰਬੀਰਤਾ ਦਾ ਪ੍ਰਤੀਕ ਹੈ, ਉਥੇ ਰੰਗਾਂ ਦੇ ਤਿਉਹਾਰ ਵਜੋਂ ਜਾਣੀ ਜਾਂਦੀ ਹੋਲੀ ਇਕ ਮਹੱਤਵਪੂਰਨ ਹਿੰਦੂ ਤਿਉਹਾਰ ਹੈ ਜੋ ਬੁਰਾਈ ਉਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਹੋਲੀ ਦੇ ਰੰਗ, ਜਿਨ੍ਹਾਂ ਨੂੰ ਗੁਲਾਲ ਕਿਹਾ ਜਾਂਦਾ ਹੈ ਹਰ ਕਿਸੇ ਨੂੰ ਇਕੋ ਤਰ੍ਹਾਂ ਰੰਗਦੇ ਹਨ ਭਾਵੇਂ ਉਨ੍ਹਾਂ ਦਾ ਪਿਛੋਕੜ ਕੋਈ ਵੀ ਹੋਵੇ | ਇਹ ਖ਼ੁਸ਼ੀਆਂ ਭਰੇ ਇਕੱਠ ਸਾਨੂੰ ਵਿਭਿੰਨਤਾ ਦੀ ਤਾਕਤ ਇਕੱਠੇ ਹੋਣ ਦੇ ਮਹੱਤਵ ਅਤੇ ਰੋਸ਼ਨ ਭਵਿੱਖ ਲਈ ਸਾਂਝੀ ਆਸ ਦੀ ਯਾਦ ਦਿਵਾਉਂਦੇ ਹਨ | ਮੁੱਖ ਮੰਤਰੀ ਡੇਵਿਡ ਈਬੀ ਵਲੋਂ ਇਸ ਮੌਕੇ ਕੈਬਿਨਟ ਮੰਤਰੀ ਰਵੀ ਕਾਹਲੋਂ, ਜਗਰੂਪ ਬਰਾੜ, ਰਵੀ ਪਰਮਾਰ, ਸੰਸਦੀ ਸਕੱਤਰ ਸੁਨੀਤਾ ਧੀਰ ਤੇ ਹਰਵਿੰਦਰ ਕੌਰ ਸੰਧੂ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੁਲਾਲ ਖੇਡਿਆ ਗਿਆ ਤੇ ਮਠਿਆਈਆਂ ਵੰਡੀਆਂ ਗਈਆਂ |