ਕੈਲਗਰੀ, 5 ਮਾਰਚ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਉੱਤਰ-ਪੂਰਬੀ ਭਾਈਚਾਰਿਆਂ 'ਚ ਰਾਤ 2 ਥਾਵਾਂ 'ਤੇ ਚੱਲੀ ਗੋਲੀ ਦੀ ਜਾਂਚ ਕਰ ਰਹੀ ਹੈ | ਕੈਲਗਰੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਅਧਿਕਾਰੀਆਂ ਨੂੰ ਸਵੇਰੇ 200 ਬਲਾਕ ਮਾਰਟਿਨਡੇਲ ਬੁਲੇਵਾਰਡ, ਨੌਰਥ ਈਸਟ 'ਚ ਇਕ ਘਰ 'ਚ ਕਈ ਗੋਲੀਆਂ ਚੱਲਣ ਕਰਕੇ ਬੁਲਾਇਆ ਗਿਆ ਸੀ | ਕੈਲਗਰੀ ਪੁਲਿਸ ਨੇ ਦੱਸਿਆ ਕਿ ਘਰ ਵਾਲਿਆਂ ਦੇ ਮੁਤਾਬਕ ਗੋਲੀ ਚੱਲਣ ਨਾਲ ਘਰ ਦੀ ਇਕ ਖਿੜਕੀ ਟੁੱਟ ਗਈ | ਗੋਲੀ ਚੱਲਣ ਵਾਲੇ ਘਰ ਦੇ ਗੁਆਢੀ ਨੇ ਦੱਸਿਆ ਕਿ ਜਦੋਂ ਅਸੀ ਬਾਹਰ ਆਏ ਤਾਂ ਗੋਲੀ ਚਲਾ ਕੇ ਇਕ ਵਾਹਨ ਸਵਾਰ ਨੂੰ ਭੱਜਦੇ ਹੋਏ ਦੇਖਿਆ | ਸੈਮੀ ਸਿੰਘ ਨੇ ਕਿਹਾ ਕਿ ਅਸੀ ਸਮਝਿਆਂ ਕਿ ਕਾਰ ਦੇ ਮਫਲਰ ਦੀ ਆਵਾਜ਼ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਗੋਲੀ ਦੀ ਆਵਾਜ਼ ਸੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਚੱਲੀਆਂ ਗੋਲੀਆਂ ਦੇ ਸ਼ੈੱਲ ਦੇ ਖੋਲ ਇੱਕਠੇ ਕੀਤੇ | ਘਰ ਦੀਆਂ ਖਿੜਕੀਆ ਤੇ ਬਾਹਰੀ ਕੰਧਾਂ ਵਿੱਚ ਗੋਲੀਆਂ ਦੇ ਛੇਕ ਵੀ ਸਾਫ-ਸਾਫ ਦਿਖਾਈ ਦੇ ਰਹੇ ਸਨ | ਇਸ ਘਟਨਾ ਵਾਲੇ ਘਰ 'ਚ ਚੱਲੀ ਗੋਲੀ ਨਾਲ ਕੋਈ ਵੀ ਜ਼ਖਮੀ ਨਹੀ ਹੋਇਆ | ਪਰ ਪੁਲਿਸ ਇਹ ਨਹੀਂ ਮੰਨਦੀ ਕਿ ਗੋਲੀਬਾਰੀ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨਾਲ ਸੰਬੰਧਿਤ ਘੱਟੋ-ਘੱਟ 26 ਜ਼ਬਰਦਸਤੀ ਦੇ ਮਾਮਲਿਆਂ ਦੀ ਚੱਲ ਰਹੀ ਜਾਂਚ ਨਾਲ ਸੰਬੰਧਿਤ ਹੈ | ਇੰਸਪੈਕਟਰ ਡੈਰੇਨ ਸਮਿਥ ਨੇ ਕਿਹਾ ਕਿ ਇਹ ਚੱਲੀ ਗੋਲੀ ਨਾਲ ਘਰ ਅੰਦਰ ਕਿਸੇ ਨਾ ਕਿਸੇ ਨੂੰ ਸੱਟ ਲੱਗ ਸਕਦੀ ਸੀ | ਦੂਜੀ ਗੋਲੀਬਾਰੀ ਦੀ ਘਟਨਾ ਉੱਤਰ-ਪੂਰਬੀ ਕੈਲਗਰੀ 'ਚ ਜੈਨੇਸਿਸ ਸੈਂਟਰ ਕੈਲਗਰੀ ਦੀ ਪਾਰਕ ਲੋਟ ਵਿਚ ਵਾਪਰੀ ਜਿਸ 'ਚ ਇਕ ਵਿਅਕਤੀ ਦੇ ਗੋਲੀ ਲੱਗ ਗਈ ਜਿਸ ਨੂੰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੀਟਰ ਲੌਪੀਡ ਸੈਂਟਰ ਦਾਖਲ ਕਰਵਾਇਆ ਹੈ | ਜਦਕਿ ਦੂਜੇ ਪੀੜਤ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ 'ਚ ਫੁੱਟਹਿਸਜ਼ ਹਸਪਤਾਲ 'ਚ ਤਬਦੀਲ ਕਰ ਦਿੱਤਾ | ਦੋਨੋਂ ਪਾਰਟੀਆਂ ਦੇ ਲੋਕਾਂ ਨੇ ਇਕ ਦੂਜੇ ਵੱਲ ਗੋਲੀਆਂ ਚਲਾਈਆਂ ਪਰ ਅਜੇ ਝਗੜੇ ਦੇ ਕਾਰਨਾਂ ਦਾ ਪੁਲਿਸ ਪਤਾ ਲਗਾ ਰਹੀ ਹੈ | ਪੁਲਿਸ ਮੌਕੇ ਤੋਂ ਨਾਲਦੇ ਦੌੜੇ ਲੋਕਾਂ ਦੀ ਭਾਲ ਕਰ ਰਹੀ ਹੈ |