ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡ ਯੂਨੀਵਰਸਿਟੀ ਦੇ ਅਜਾਇਬ ਘਰ ਐਸ਼ਮੋਲੀਅਨ ਨੇ ਬੀਤੇ ਕੱਲ੍ਹ ਲੰਡਨ ਵਿਖੇ ਭਾਰਤੀ ਅਧਿਕਾਰੀਆਂ ਨੂੰ 16ਵੀਂ ਸਦੀ ਦੀ ਕਾਂਸੀ ਦੀ ਮੂਰਤੀ ਭਾਰਤ ਨੂੰ ਵਾਪਸ ਕਰ ਦਿੱਤੀ ਹੈ | ਸੰਤ ਤਿਰੂਮਨਕਾਈ ਅਲਵਰ ਦੀ ਮੂਰਤੀ ਨੂੰ ਸੌਂਪਣ ਦਾ ਸਮਾਰੋਹ ਲੰਡਨ 'ਚ ਭਾਰਤ ਦੇ ਹਾਈ ਕਮਿਸ਼ਨ ਵਿਖੇ ਹੋਇਆ ਜਿਸ 'ਚ ਐਸ਼ਮੋਲੀਅਨ ਦੇ ਡਾਇਰੈਕਟਰ ਡਾ. ਜ਼ਾ ਸਟਰਗਿਸ ਸੀ ਬੀ ਈ, ਅਤੇ ਮਿਊਜ਼ੀਅਮ ਦੇ ਪੂਰਬੀ ਕਲਾ ਵਿਭਾਗ ਦੇ ਮੁਖੀ ਪ੍ਰੋਫੈਸਰ ਮਲਿਕਾ ਕੁੰਬੇਰਾ ਲੈਂਡਰਸ ਆਦਿ ਹਾਜ਼ਰ ਸਨ | ਡਾ. ਜ਼ਾ ਸਟਰਗਿਸ ਨੇ ਇਸ ਮਹੱਤਵਪੂਰਨ ਨਿਸ਼ਾਨੀ ਨੂੰ ਭਾਰਤ ਨੂੰ ਸੌਂਪਦੇ ਹੋਏ ਖੁਸ਼ ਪ੍ਰਗਟ ਕਰਦਿਆਂ ਭਾਰਤੀ ਅਧਿਕਾਰੀਆਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਮੂਰਤੀ ਦੀ ਅਸਲ ਪਹਿਚਾਣ ਲਈ ਮਦਦ ਕੀਤੀ | ਭਾਰਤੀ ਹਾਈ ਕਮਿਸ਼ਨ ਲੰਡਨ ਦੇ ਇਕ ਬੁਲਾਰੇ ਨੇ ਆਕਸਫੋਰਡ ਦੇ ਐਸ਼ਮੋਲੀਅਨ ਮਿਊਜ਼ੀਅਮ ਦਾ ਧੰਨਵਾਦ ਕੀਤਾ ਜਿਹਨਾਂ ਨੇ 16ਵੀਂ ਸਦੀ ਦੇ ਸੰਤ ਤਿਰੂਮਨਕਾਈ ਅਲਵਰ ਦੀ ਕਾਂਸੀ ਦੀ ਮੂਰਤੀ ਨੂੰ ਵਾਪਸ ਕੀਤਾ ਹੈ | ਹੁਣ ਇਸ ਮੂਰਤੀ ਨੂੰ ਤਾਮਿਲਨਾਡੂ ਦੇ ਸੌਂਦਰਾਰਾਜਾ ਪੇਰੂਮਲ ਮੰਦਰ 'ਚ ਸਥਾਪਿਤ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਐਸ਼ਮੋਲੀਅਨ ਨੇ 1967 'ਚ ਇਹ ਮੂਰਤੀ ਪ੍ਰਾਪਤ ਕੀਤੀ ਸੀ | ਨਿਲਾਮੀ ਘਰ ਸੋਥਬੀ ਦੇ ਅਨੁਸਾਰ ਕਾਂਸੀ ਦੀ ਮੂਰਤੀ ਨੂੰ ਨਿੱਜੀ ਸੰਗ੍ਰਹਿ ਕਰਤਾ ਡਾ. ਜੇ. ਆਰ. ਬੇਲਮੋਂਟ ਦੁਆਰਾ ਵੇਚਿਆ ਗਿਆ ਸੀ | ਨਵੰਬਰ 2019 ਵਿਚ ਇਕ ਫਰਾਂਸੀਸੀ ਵਿਦਵਾਨ ਨੇ ਅਜਾਇਬ ਘਰ ਨੂੰ ਸੁਚੇਤ ਕੀਤਾ ਕਿ 1957 'ਚ ਤਾਮਿਲਨਾਡੂ ਦੇ ਸ਼੍ਰੀ ਸੌਂਦਰਾਰਾਜਪੇਰੂਮਲ ਕੋਵਿਲ ਦੇ ਮੰਦਰ 'ਚ ਲਈ ਗਈ ਤਸਵੀਰ ਇੰਸਟੀਚਿਊਟ ਫ੍ਰਾਂਸਾਈਸ ਡੀ ਪਾਂਡੀਚੇਰੀ ਤੇ ਏਕੋਲ ਫ੍ਰਾਂਸਾਈਸ ਡੀ ਐਕਸਟ੍ਰੀਮ-ਓਰੀਐਂਟ 'ਚ ਹੈ, ਇਸੇ ਮੂਰਤੀ ਦੀ ਹੈ ਜੋ ਯੂਰਪ ਤੇ ਅਮਰੀਕਾ ਦੇ ਰਿਕਾਰਡਾਂ 'ਚ ਵੀ ਉਪਲਬਧ ਹੈ | ਜਿਸ ਤੋਂ ਬਾਅਦ ਐਸ਼ਮੋਲੀਅਨ ਨੇ 16 ਦਸੰਬਰ 2019 ਨੂੰ ਭਾਰਤੀ ਹਾਈ ਕਮਿਸ਼ਨ ਨੂੰ ਸੂਚਿਤ ਕੀਤਾ | ਲੇਕਿਨ ਇਸ ਮੂਰਤੀ ਦੇ ਲਾਪਤਾ ਜਾਂ ਚੋਰੀ ਹੋਣ ਦੀ ਭਾਰਤ 'ਚ ਕਿਧਰੇ ਕੋਈ ਰਿਪੋਰਟ ਦਰਜ਼ ਨਹੀਂ ਸ | 11 ਫਰਵਰੀ 2020 ਨੂੰ ਮੰਦਰ ਦੇ ਕਾਰਜਕਾਰੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਸਲ ਕਾਂਸੀ ਦੀ ਮੂਰਤੀ ਦੀ ਥਾਂ ਹੁਣ ਇਕ ਅਧੁਨਿਕਤ ਮੂਰਤੀ ਨੇ ਲੈ ਲਈ ਹੈ | ਜਿਸ ਤੋਂ ਬਾਅਦ ਮੂਰਤੀ ਵਾਪਸੀ ਦੀ ਸ਼ੁਰੂ ਹੋਈ ਪ੍ਰਕ੍ਰਿਆ ਬੀਤੇ ਕੱਲ ਸਮਾਪਿਤ ਹੋਈ |