ਟੋਰਾਂਟੋ, 5 ਮਾਰਚ (ਹਰਜੀਤ ਸਿੰਘ ਬਾਜਵਾ)-ਅਹਿਮਦੀਆ ਮੁਸਲਿਮ ਜਮਾਤ ਕੈਨੇਡਾ (ਓਾਟਾਰੀਓ) ਵੱਲੋਂ ਬਰੈਂਪਟਨ ਦੀ ਮਸਜਿਦ ਮੁਬਾਰਕ 'ਚ ਰਮਜ਼ਾਨ ਦੇ ਮਹੀਨੇ ਨੂੰ ਸਮਰਪਿਤ ਸਲਾਨਾਂ ਇਫ਼ਤਾਰ ਪਾਰਟੀ ਕੀਤੀ ਗਈ ਜਿੱਥੇ ਮੁਸਲਿਮ ਧਰਮ ਦੇ ਲੋਕਾਂ ਤੋਂ ਇਲਾਵਾ ਲਗਭਗ ਹਰ ਧਰਮ ਤੇ ਹਰ ਮਜ਼ਹਬ ਦੇ ਲੋਕ ਨਜ਼ਰ ਆਏ | ਪਿਆਰ ਤੇ ਮਹੁੱਬਤ ਦਾ ਸ਼ੰਦੇਸ਼ ਦਿੰਦੀ ਇਹ ਇਫ਼ਤਾਰ ਪਾਰਟੀ ਜਿੱਥੇ ਭਾਈਚਾਰਕ ਸਾਂਝ ਦਾ ਪ੍ਰਤੀਕ ਸਾਬਤ ਹੋਈ ਉੱਥੇ ਹੀ ਇਸ ਸਮਾਗਮ 'ਚ ਓਾਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ)ਡਗਲਸ ਫੋਰਡ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਖਚਾਖਚ ਭਰੇ ਹਾਲ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਵਕਤ ਜਿੱਥੇ ਦੁਨੀਆ ਯੁੱਧ ਦੇ ਕੰਢੇ 'ਤੇ ਖੜ੍ਹੀ ਹੈ ਤੇ ਜਿੱਥੇ ਦੁਨੀਆ ਦੇ ਬਹੁਤ ਸਾਰੇ ਦੇਸ਼ ਜੰਗ ਵਰਗੇ ਮਾਹੌਲ ਦਾ ਸਾਹਮਣਾ ਕਰ ਰਹੇ ਹਨ ਉੱਥੇ ਅਹਿਮਦੀਆ ਮੁਸਲਿਮ ਜਮਾਤ ਆਪਸੀ ਭਾਈਚਾਰਕ ਸਾਂਝ ਤੇ ਮੁਹੱਬਤ ਦਾ ਸੰਦੇਸ਼ ਵੰਡ ਰਹੀ ਹੈ, ਮੁੱਖ ਮੰਤਰੀ ਨੇ ਆਉਣ ਵਾਲੇ ਸਮੇਂ ਵਿਚ ਅਹਿਮਦੀਆ ਮੁਸਲਿਮ ਜਮਾਤ ਲਈ ਓਾਟਾਰੀਓ ਸਰਕਾਰ ਵੱਲੋਂ ਕੁਝ ਐਲਾਨ ਵੀ ਕੀਤੇ ਗਏ ਤੇ ਜਮਾਤ ਲਈ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਬੋਲਦਿਆਂ ਜਮਾਤ ਦੇ ਬੁਲਾਰਿਆਂ ਨੇ ਜਿੱਥੇ ਸਭਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਆਖਿਆ ਕਿ ਅਹਿਮਦੀਆ ਮੁਸਲਿਮ ਜਮਾਤ ਅੱਲ੍ਹਾ ਦੇ ਮੁਹੱਬਤ ਵਾਲੇ ਸੰਦੇਸ਼ 'ਤੇ ਪਹਿਰਾ ਦੇ ਰਹੀ ਹੈ ਕਿ ਰੱਬ ਇਕ ਹੈ ਤੇ ਅਸੀਂ ਸਾਰੇ ਰਲ ਮਿਲ ਕੇ ਰਹੀਏ | ਇਸ ਮੌਕੇ ਸਭਨਾਂ ਲਈ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ | ਸਮਾਗਮ ਦੌਰਾਨ ਹੋਰਨਾਂ ਸਿਆਸੀ ਤੇ ਗੈਰਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਮਕਸੂਦ ਚੌਧਰੀ, ਨਈਮ ਕਾਦਰ, ਸਮੀਉਲ੍ਹਾ, ਮੁਜ਼ੱਫਰ ਮਨਸੂਰ, ਮਿਰਜ਼ਾ ਸਲਮਾਨ, ਨਸੀਮ ਸ਼ਾਦ, ਮਿਰਜ਼ਾ ਨਸੀਮ ਅਹਿਮਦ,ਅਸ਼ਫਾਕ ਅਹਿਮਦ, ਆਸਫ ਅਹਿਮਦ, ਸ਼ੋਇਬ ਨਾਸਰ, ਬਾਸ਼ਰਤ ਰਿਹਾਨ, ਮਿਰਜ਼ਾ ਨਵੀਦ, ਮਹਿਮੂਦ ਮੰਗਲਾ, ਡਾ. ਯਾਹੀਆ ਆਦਿ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਲੋਕ ਮੌਜੂਦ ਸਨ |