ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਪਾਕਿਸਤਾਨ ਦੀ ਘਬਰਾਹਟ ਲਗਾਤਾਰ ਵਧਦੀ ਜਾ ਰਹੀ ਹੈ | ਪਾਕਿ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਭਾਰਤ 'ਤੇ ਸਿੰਧੂ ਜਲ ਸੰਧੀ ਦੀ ਪੂਰੀ ਪਾਲਣਾ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ | ਸੰਯੁਕਤ ਰਾਸ਼ਟਰ 'ਚ ਪਾਕਿ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਅਸੀਮ ਇਫ਼ਤਿਖ਼ਾਰ ਅਹਿਮਦ ਨੇ ਕਿਹਾ ਕਿ ਭਾਰਤ ਵਲੋਂ ਕੌਮਾਂਤਰੀ ਜਲ-ਵੰਡ ਸਮਝੌਤੇ ਨੂੰ ਮੁਅੱਤਲ ਕਰਨਾ ਇਕ ਖ਼ਤਰਨਾਕ ਮਿਸਾਲ ਕਾਇਮ ਕਰੇਗਾ | ਜੇਕਰ ਪਾਣੀ-ਵੰਡ ਸੰਧੀ ਨੂੰ ਰਾਜਨੀਤੀ ਲਈ ਕੁਰਬਾਨ ਕਰ ਦਿੱਤਾ ਜਾਂਦਾ ਹੈ ਤਾਂ ਵਿਸ਼ਵ-ਵਿਆਪੀ ਵਿਸ਼ਵਾਸ ਪ੍ਰਭਾਵਿਤ ਹੋਵੇਗਾ | ਰਾਜਦੂਤ ਨੇ ਕਿਹਾ ਕਿ ਭਾਰਤ ਦੇ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੇ ਪਾਕਿਸਤਾਨ ਦੀ ਜਲ ਸੁਰੱਖਿਆ ਤੇ ਖੇਤਰੀ ਸਥਿਰਤਾ ਲਈ ਇਕ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਪਾਕਿ ਸਿੰਧੂ ਜਲ ਸੰਧੀ ਵਿਵਾਦ ਨੂੰ ਹੇਗ 'ਚ ਪੀ.ਸੀ.ਏ. ਵਿਚ ਲੈ ਗਿਆ ਹੈ | ਹੇਗ ਸਥਿਤ ਅਦਾਲਤ ਨੇ ਭਾਰਤ ਨੂੰ ਤਲਬ ਕੀਤਾ ਸੀ ਪਰ ਭਾਰਤ ਸਰਕਾਰ ਨੇ ਟਿ੍ਬਿਊਨਲ ਦੇ ਅਧਿਕਾਰ ਖੇਤਰ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ | ਹੇਗ 'ਚ ਆਈ. ਡਬਲਿਊ. ਟੀ. ਦੀ ਸੁਣਵਾਈ ਦੌਰਾਨ ਭਾਰਤ ਨੇ ਕਿਹਾ ਕਿ ਉਹ ਟਿ੍ਬਿਊਨਲ ਨੂੰ ਗੈਰ-ਕਾਨੂੰਨੀ ਮੰਨਦਾ ਹੈ |