ਗਲਾਸਗੋ, 6 ਮਾਰਚ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਈਸਟ ਕਿਲਬਰਾਈਡ ਤੇ ਸਦਰੈੱਥਮ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਜੋਆਨੀ ਰੀਡ ਨੇ ਉਸ ਦੇ ਪਤੀ ਡੇਵਿਡ ਟੇਲਰ ਨੂੰ ਚੀਨ ਲਈ ਜਾਸੂਸੀ ਕਰਨ ਦੇ ਸ਼ੱਕ 'ਚ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ | ਡੇਵਿਡ ਇਕ ਕਾਰੋਬਾਰੀ ਹੈ ਤੇ ਸਾਬਕਾ ਲੇਬਰ ਪਾਰਟੀ ਦਾ ਸਲਾਹਕਾਰ ਰਿਹਾ ਹੈ | ਬੁੱਧਵਾਰ ਨੂੰ ਚੀਨੀ ਵਿਦੇਸ਼ੀ ਖੁਫੀਆ ਏਜੰਸੀ ਦੀ ਸਹਾਇਤਾ ਕਰਨ ਦੇ ਸ਼ੱਕ 'ਚ ਗਿ੍ਫ਼ਤਾਰ ਕੀਤੇ ਗਏ ਤਿੰਨ ਆਦਮੀਆਂ 'ਚੋਂ ਇਕ ਹੈ | ਸੰਸਦ ਮੈਂਬਰ ਰੀਡ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੁਲਿਸ ਦੁਆਰਾ ਕੀਤੀ ਜਾ ਰਹੀ ਜਾਂਚ ਅਧੀਨ ਨਹੀਂ ਹੈ ਤੇ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਹੈ, ਪਰ ਉਹ ਜਾਂਚ ਪੂਰੀ ਹੋਣ ਤੱਕ ਸੰਸਦ ਮੈਂਬਰ ਦੀਆਂ ਸੇਵਾਵਾਂ ਨਹੀਂ ਨਿਭਾਏਗੀ | ਲੇਬਰ ਪਾਰਟੀ ਨੇ ਟੇਲਰ ਵਿਰੁੱਧ ਦੋਸ਼ਾਂ ਨੂੰ ਅਵਿਸ਼ਵਾਸ਼ਯੋਗ ਤੌਰ 'ਤੇ ਗੰਭੀਰ ਦੱਸਿਆ ਹੈ | ਪਾਰਟੀ ਨੇ ਰੀਡ ਤੇ ਟੇਲਰ ਦੋਵਾਂ ਨੂੰ ਲੇਬਰ ਪਾਰਟੀ ਦੁਆਰਾ ਪ੍ਰਸ਼ਾਸਕੀ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ | ਰੀਡ ਹਾਊਸ ਆਫ ਕਾਮਨਜ਼ 'ਚ ਇਕ ਅਜ਼ਾਦ ਸੰਸਦ ਮੈਂਬਰ ਵਜੋਂ ਬੈਠੇਗੀ ਜਦੋਂ ਕਿ ਉਹ ਪਾਰਟੀ ਵੱਲੋਂ ਮੁਅੱਤਲ ਹੈ |