ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਅਰੰਭਿਆ ਹੋਇਆ ਸੰਘਰਸ਼ ਖਤਮ ਨਹੀਂ ਹੋਇਆ ਅਤੇ ਨਾ ਸੀ ਕਦੇ ਖਤਮ ਹੋਵੇਗਾ | ਸਿੱਖਾਂ ਦੀ ਅਜ਼ਾਦੀ ਦੇ ਸ਼ੰਘਰਸ਼ ਦੇ ਸਮੇਂ ਅਨੁਸਾਰ ਰੂਪ ਵੱਖ ਵੱਖ ਹੋ ਸਕਦੇ ਹਨ | ਇੱਕ ਪਾਸੇ ਸ਼ੰਘਰਸ਼ੀ ਯੋਧਿਆਂ ਨੂੰ ਸਰਕਾਰੀ ਤੰਤਰ ਵੱਲੋਂ ਸ਼ਹੀਦ ਕਰਵਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਾਲਪਨਿਕਤਾ ਦਾ ਸਹਾਰਾ ਲੈ ਕੇ ਕਿਤਾਬਾਂ ਅਤੇ ਫਿਲਮਾਂ ਰਾਹੀ ਸਿੱਖ ਅਜ਼ਾਦੀ ਸੰਘਰਸ਼ ਨੂੰ ਬਦਨਾਮ ਕਰਨ ਦਾ ਕੋਝਾ ਯਤਨ ਅਰੰਭ ਕੀਤਾ ਹੋਇਆ ਹੈ, ਇਹ ਵਿਚਾਰ ਯੂਨਾਈਟਿਡ ਖਾਲਸਾ ਦਲ ਯੂ ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪ੍ਰਗਟ ਕਰਦਿਆਂ ਧੁਰੰਦਰ ਦਾ ਰਿਵਿੰਜ਼ ਫਿਲਮ ਵਿੱਚ ਵਿਖਾਏ ਦਿ੍ਸ਼ਾਂ ਤੇ ਇਤਰਾਜ਼ ਪ੍ਰਗਟ ਕਰਦਿਆਂ ਸਖ਼ਤ ਨਿੰਦਾ ਕੀਤੀ ਹੈ | ਉਹਨਾਂ ਕਿਹਾ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਨਸ਼ਾ ਤਸਕਰੀ ਨਾਲ ਜੋੜ ਕੇ ਸੰਘਰਸ਼ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ, ਭਾਵੇਂ ਕਿ ਉਸ ਨਸ਼ਾ ਤਸਕਰ ਨਾਮ ਫਿਲਮ ਵਿਚ ਅਮਰਜੀਤ ਸਿੰਘ ਅਤੇ ਉਸਦਾ ਕਤਲ ਪਾਰਕ ਵਿੱਚ ਕੀਤਾ ਗਿਆ ਦਿਖਾਇਆ ਹੈ | ਜੋ ਕੀ ਬਿਲਕੁਲ ਬੇਬੁਨਿਆਦ ਅਤੇ ਝੂਠਾ ਬਿਰਤਾਂਤ ਹੈ | ਯੂਨਾਈਟਿਡ ਖਾਲਸਾ ਦਲ ਯੂ ਕੇ ਨੇ ਆਖਿਆ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਨੇ ਸਾਲ 1995 ਦੇ ਅੱਧ ਵਿੱਚਕਾਰ ਤੋਂ ਲੈ ਕੇ 6 ਮਈ 2023 ਤੱਕ ਕਰੀਬ ਅਠਾਈ ਸਾਲ ਲਗਾਤਾਰ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਬਤੀਤ ਕੀਤੇ | ਜਿੱਥੇ ਉਸਨੇ ਆਪਣੇ ਜੀਵਨ ਨਿਰਬਾਹ ਅਤੇ ਲੋੜਵੰਦ ਸਿੱਖਾਂ ਦੀ ਮੱਦਦ ਵਾਸਤੇ ਰੀਅਲ ਅਸਟੇਟ (ਪ੍ਰਾਪਰਟੀ ਡੀਲਰ) ਦਾ ਕਾਰੋਬਾਰ ਕਰਦਿਆਂ ਆਪਣਾ ਜੀਵਨ ਬਤੀਤ ਕੀਤਾ | ਜਦਕਿ ਪਹਿਲਾਂ ਸਾਰੀ ਜਿੰਮੇਵਾਰੀ ਵਿਦੇਸ਼ਾਂ ਵਿੱਚ ਵਸਦੇ ਸੰਘਰਸ਼ ਦੇ ਸਮਰਥਕਾਂ ਦੇ ਦਸਵੰਦ ਨਾਲ ਪੂਰੀ ਹੁੰਦੀ ਸੀ | ਸੰਘਰਸ਼ ਵਾਸਤੇ ਲੋੜੀਂਦਾ ਸਾਜੋ ਸਮਾਨ ਵੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਦਸਵੰਦ ਨਾਲ ਅਤੇ ਭਾਰਤੀ ਬੈਂਕਾਂ ਦੇ ਡਾਕਿਆਂ ਨਾਲ ਮੁਹੱਈਆ ਹੋਇਆ ਹੈ | ਨਸ਼ਾ ਤਸਕਰੀ ਨੂੰ ਸਿੱਖ ਕੌਮ ਦੇ ਪਾਵਿੱਤਰ ਕਾਜ਼ ਨਾਲ ਜੋੜਨਾ ਬਹੁਤ ਹੀ ਹਾਸੋਹੀਣਾ, ਬਚਕਾਨਾ ਅਤੇ ਬੌਖਲਾਹਟ ਦੀ ਨਿਸ਼ਾਨੀ ਹੈ |