ਲੰਡਨ, 27 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਬਾਰੋ ਆਫ ਈਲਿੰਗ ਕੌਂਸਲ' ਵੱਲੋਂ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾਂ ਦਾ ਜਨਤਕ ਅਤੇ ਭਾਈਚਾਰਕ ਸੇਵਾਵਾਂ ਲਈ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ''ਫ੍ਰੀਡਮ ਆਫ ਈਲਿੰਗ ਬਾਰੋU ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ | ਇਹ ਸਨਮਾਨ ਬਰਤਾਨੀਆਂ ਵਿੱਚ ਕੌਂਸਲਾਂ ਵੱਲੋਂ ਦਿੱਤਾ ਜਾਣ ਵਾਲਾ ਸਰਬ ਉੱਚ ਨਾਗਰਿਕ ਸਨਮਾਨ ਹੈ, ਜੋ ਉਸ ਸਖਸ਼ੀਅਤ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਮ ਲੋਕਾਂ ਲਈ ਮਾਣ ਮੱਤੀਆਂ ਸੇਵਾਵਾਂ ਦਿੱਤੀਆਂ ਹੋਣ | ਸ੍ਰੀ ਵਰਿੰਦਰ ਸ਼ਰਮਾਂ ਨੇ ਈਲਿੰਗ ਵਿੱਚ ਰਹਿੰਦਿਆਂ ਸਮਾਜਿਕ ਅਤੇ ਰਾਜਨੀਤਕ ਖੇਤਰ ਵਿੱਚ 50 ਸਾਲ ਤੋਂ ਵੱਧ ਸੇਵਾਵਾਂ ਦਿੱਤੀਆਂ | ਜਿਸ ਦੌਰਾਨ ਸ਼੍ਰੀ ਸ਼ਰਮਾ ਨੇ ਬਰਾਬਰਤਾ ਦੇ ਸਿਧਾਂਤ ਨੂੰ ਕਾਇਮ ਰੱਖਦਿਆਂ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਵਿਭਿੰਨ ਭਾਈਚਾਰਿਆਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸ਼ਰਮਾ ਨੇ ਇਹ ਪੁਰਸਕਾਰ ਆਪਣੀ ਪਤਨੀ ਨਿਰਮਲਾ ਸ਼ਰਮਾਂ ਅਤੇ ਬੱਚਿਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ''ਫ੍ਰੀਡਮ ਆਫ ਈਲਿੰਗ ਬਾਰੋU ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ ਅਤੇ ਨਿਰਮਲਾ, ਅਤੇ ਪ੍ਰੀਵਾਰ ਤੋਂ ਬਿਨਾ ਇਹ ਸਫ਼ਰ ਤੈਅ ਕਰਨਾ ਸੰਭਵ ਨਹੀਂ ਸੀ ਹੋ ਸਕਦਾ | ਮੇਰੀ ਜ਼ਿੰਦਗੀ ਦਾ ਅਰਥ ਲੋਕਾਂ ਦੀ ਸੇਵਾ ਕਰਨਾ, ਧਰਮ ਨਿਰਪੱਖਤਾ, ਸਮਾਨਤਾ, ਏਕਤਾ ਅਤੇ ਨਿਰਪੱਖਤਾ ਵਿੱਚ ਅਟੁੱਟ ਵਿਸ਼ਵਾਸ ਹੈ | ਜਿਕਰਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾਂ ਨੇ ਬਤੌਰ ਕੰਡਕਟਰ, ਟ੍ਰੇਡ ਯੂਨੀਅਨਾਂ ਵਿੱਚ ਕੰਮ ਕੀਤਾ ਅਤੇ 1982 ਵਿੱਚ ਲੰਡਨ ਬਾਰੋ ਆਫ ਈਲਿੰਗ ਵਿੱਚ ਕੌਂਸਲਰ ਚੁਣੇ ਗਏ ਸਨ, ਬਾਅਦ ਵਿੱਚ ਮੇਅਰ ਵਜੋਂ ਸੇਵਾ ਨਿਭਾਈ, 2007 ਵਿੱਚ ਈਲਿੰਗ ਸਾਊਥਾਲ ਲਈ ਸੰਸਦ ਮੈਂਬਰ ਚੁਣੇ ਗਏ ਸਨ ਅਤੇ 2024 ਤੱਕ ਸੰਸਦ ਰਹੇ |