ਸਿਡਨੀ 'ਚ ਭਾਰਤੀ ਭਾਈਚਾਰੇ ਦੀਆਂ ਮੁਸ਼ਕਲਾਂ ਸੰਬੰਧੀ ਫੈਡਰਲ ਮੰਤਰੀ ਨਾਲ ਮੁਲਾਕਾਤ
ਅਜੀਤ ਡੈਸਕ
28-03-2026
ਸਿਡਨੀ, 27 ਮਾਰਚ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਨੂੰ ਮੌਜੂਦਾ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਪਹਿਲ ਕਦਮੀ ਕੀਤੀ ਗਈ | ਇਸ ਤਹਿਤ ਭਾਰਤੀ ਮੀਡੀਆ ਨਾਲ ਸੰਬੰਧਿਤ ਗੁਰਮੀਤ ਸਿੰਘ ਸਨੀ ਨੇ ਫੈਡਰਲ ਸੰਸਦ ਦੇ ਮੈਂਬਰ ਮਾਣਯੋਗ ਐਡਰਿਓ ਚਾਰਟਨ ਨਾਲ ਹੈਰਿਸ ਪਾਰਕ ਵਿਖੇ ਮੁਲਾਕਾਤ ਕੀਤੀ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਤਿਆਰ ਕੀਤਾ ਗਿਆ ਵਿਸਥਾਰਪੂਰਕ ਪੱਤਰ ਉਨ੍ਹਾਂ ਨੂੰ ਸੌਂਪਿਆ |ਇਸ ਮੌਕੇ ਗੁਰਮੀਤ ਸਿੰਘ ਸਨੀ ਨੇ ਦੱਸਿਆ ਕਿ ਅਕਸਰ ਲੋਕ ਸਿਰਫ਼ ਤਸਵੀਰਾਂ ਖਿਚਵਾਉਣ ਲਈ ਹੀ ਮੰਤਰੀਆਂ ਨਾਲ ਮਿਲਦੇ ਹਨ, ਪਰ ਅਸਲ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਘੱਟ ਹੀ ਕੋਈ ਗੰਭੀਰ ਯਤਨ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਵਾਰ ਖਾਸ ਤੌਰ 'ਤੇ ਦਸਤਾਵੇਜ਼ ਤਿਆਰ ਕਰਕੇ ਮੰਤਰੀ ਸਾਹਿਬ ਨੂੰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਮੁੱਖ ਮਸਲੇ ਦਰਜ ਕੀਤੇ ਗਏ ਹਨ |ਪੱਤਰ ਵਿੱਚ ਸਕੂਲਾਂ ਵਿੱਚ ਸਿੱਖ ਬੱਚਿਆਂ ਨਾਲ ਹੋ ਰਹੇ ਭੇਦਭਾਵ ਦਾ ਮਸਲਾ ਉੱਭਾਰਿਆ ਗਿਆ, ਜਿੱਥੇ ਕਈ ਵਾਰ ਪੱਗ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਪੱਗ ਨੂੰ ਬੈਂਡਿਜ( ਪੱਟੀ)ਕਿਹਾ ਜਾਂਦਾ ਹੈ | ਇਸ ਸਬੰਧੀ ਮੰਗ ਕੀਤੀ ਗਈ ਕਿ ਸਕੂਲਾਂ ਵਿੱਚ ਅਵੇਅਰਨੈੱਸ ਪ੍ਰੋਗਰਾਮ ਕਰਵਾਏ ਜਾਣ, ਤਾਂ ਜੋ ਸਿੱਖ ਪਛਾਣ ਅਤੇ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਇਤਿਹਾਸਕ ਯੋਗਦਾਨ ਬਾਰੇ ਹੋਰ ਬੱਚਿਆਂ ਨੂੰ ਜਾਣਕਾਰੀ ਮਿਲ ਸਕੇ |ਇਸ ਤੋਂ ਇਲਾਵਾ ਭਾਰਤੀ ਕਿਰਿਆਨਾ ਸਟੋਰਾਂ ਵਿੱਚ ਵਿਕ ਰਹੀਆਂ ਘੱਟ ਗੁਣਵੱਤਾ ਵਾਲੀਆਂ ਅਤੇ ਮਿਆਦ ਪੁੱਗੀਆਂ ਚੀਜ਼ਾਂ 'ਤੇ ਵੀ ਚਿੰਤਾ ਜਤਾਈ ਗਈ | ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਖਾਸ ਟਾਸਕ ਫੋਰਸ ਬਣਾਈ ਜਾਵੇ, ਜੋ ਕਾਮਿਨੀ ਵਰਗੀਆਂ ਨਸ਼ੇ ਦੀਆਂ ਖਤਰਨਾਕ ਦਵਾਈਆਂ ਨੂੰ ਬੰਦ ਕੀਤਾ ਜਾ ਸਕੇ | ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕਰਕੇ ਲੋਕਾਂ ਦੀ ਸਿਹਤ ਦੀ ਰੱਖਿਆ ਯਕੀਨੀ ਬਣਾਏ |ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਦਾ ਮਸਲਾ ਵੀ ਉਠਾਇਆ ਗਿਆ, ਜਿਸ ਵਿੱਚ ਕਈ ਥਾਵਾਂ 'ਤੇ ਘੱਟ ਤਨਖਾਹ 'ਤੇ ਕੰਮ ਕਰਵਾਇਆ ਜਾਂਦਾ ਹੈ | ਇਸ ਸਬੰਧੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਰੈਂਡਮ ਜਾਂਚਾਂ ਰਾਹੀਂ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਪ੍ਰਕਿਰਿਆਵਾਂ 'ਤੇ ਰੋਕ ਲਗਾਈ ਜਾਵੇ | ਇਸ ਦੇ ਨਾਲ ਹੀ ਭਾਰਤੀ ਮਹਿਲਾਵਾਂ ਦੀ ਰਾਜਨੀਤੀ ਵਿੱਚ ਘੱਟ ਭਾਗੀਦਾਰੀ ਬਾਰੇ ਵੀ ਧਿਆਨ ਦਿਵਾਇਆ ਗਿਆ ਅਤੇ ਉਨ੍ਹਾਂ ਨੂੰ ਵੱਧ ਮੌਕੇ ਅਤੇ ਅਹੁਦੇ ਦੇਣ ਦੀ ਲੋੜ ਉੱਭਾਰੀ ਗਈ | ਫੈਡਰਲ ਸੰਸਦ ਦੇ ਮੈਂਬਰ ਮਾਣਯੋਗ ਐਡਰਿਓ ਚਾਰਟਨ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਪੇਸ਼ ਕੀਤੀਆਂ ਗਈਆਂ ਸਿਫਾਰਸ਼ਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਜਿਨ੍ਹਾਂ ਮਸਲਿਆਂ 'ਤੇ ਤੁਰੰਤ ਕਾਰਵਾਈ ਸੰਭਵ ਹੈ, ਉਨ੍ਹਾਂ 'ਤੇ ਜਲਦ ਕਦਮ ਚੁੱਕੇ ਜਾਣਗੇ |