ਆਸਟ੍ਰੇਲੀਆ 'ਚ ਕੱਲ੍ਹ ਬਦਲੇਗਾ ਘੜੀਆਂ ਦਾ ਸਮਾਂ
ਅਜੀਤ ਡੈਸਕ
04-04-2026
ਐਡੀਲੇਡ, 3 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਅਸਟ੍ਰੇਲੀਆ 'ਚ ਡੇਅ ਲਾਈਟ ਸੇਵਿੰਗ ਦਾ ਸਮਾਂ ਐਤਵਾਰ, 5 ਅਪ੍ਰੈਲ 2026 ਨੂੰ ਸਵੇਰੇ 3 ਵਜੇ ਖਤਮ ਹੋ ਜਾਵੇਗਾ | ਇਸ ਮੌਕੇ ਘੜੀਆਂ ਇਕ ਘੰਟਾ ਪਿੱਛੇ ਕਰਕੇ ਮੁੜ 2 ਵਜੇ ਕਰ ਦਿੱਤੀਆਂ ਜਾਣਗੀਆਂ, ਇਹ ਤਬਦੀਲੀ ਹਰ ਸਾਲ ਅਪ੍ਰੈਲ ਦੇ ਪਹਿਲੇ ਐਤਵਾਰ ਨੂੰ ਕੀਤੀ ਜਾਂਦੀ ਹੈ | ਇਸ ਬਦਲਾਅ ਨਾਲ ਸ਼ਨਿਚਰਵਾਰ ਰਾਤ ਕੰਮ ਕਰਨ ਵਾਲਿਆਂ ਨੂੰ ਿੱਕ ਘੰਟਾ ਵੱਧ ਕੰਮ ਕਰਨਾ ਪਵੇਗਾ, ਜਦਕਿ ਆਰਾਮ ਕਰਨ ਵਾਲੇ ਇਕ ਘੰਟਾ ਵੱਧ ਸੌਣਗੇ | ਇਹ ਪ੍ਰਣਾਲੀ ਸਾਲ 'ਚ 2 ਵਾਰੀ ਸੂਰਜ ਦੀ ਰੌਸ਼ਨੀ ਦਾ ਵਧੀਆ ਲਾਭ ਲੈਣ ਤੇ ਬਿਜਲੀ ਦੀ ਬਚਤ ਲਈ ਲਾਗੂ ਕੀਤੀ ਜਾਂਦੀ ਹੈ | ਇਸ ਤਬਦੀਲੀ ਦਾ ਅਸਰ ਸਾਊਥ ਆਸਟ੍ਰੇਲੀਆ, ਵਿਕਟੋਰੀਆ, ਤਸਮਾਨੀਆ ਤੇ ਨਿਊ ਸਾਊਥ ਵੇਲਜ਼ 'ਚ ਵੇਖਣ ਨੂੰ ਮਿਲੇਗਾ | ਜਦਕਿ ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਤੇ ਨੋਰਥਰਨ ਟੈਰੇਟਰੀ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ | ਸਮੇਂ ਦੇ ਇਸ ਬਦਲਾਅ ਨਾਲ ਸਿਡਨੀ ਤੇ ਮੈਲਬੌਰਨ ਭਾਰਤ ਤੋਂ ਸਾਢੇ ਚਾਰ ਘੰਟੇ ਅੱਗੇ ਹੋਣਗੇ, ਜਦਕਿ ਐਡੀਲੇਡ ਭਾਰਤ ਨਾਲੋਂ 4 ਘੰਟੇ ਅੱਗੇ ਰਹੇਗਾ | ਇਸ ਦੇ ਨਾਲ ਹੀ ਆਸਟ੍ਰੇਲੀਆ ਵਿਚ ਸਰਦ ਰੁੱਤ ਦੀ ਸ਼ੁਰੂਆਤ ਹੋਵੇਗੀ ਤੇ ਗਰਮੀਆਂ ਦੇ ਮੌਸਮ ਦੀ ਆਮਦ 'ਤੇ ਮੁੜ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ | ਹਰ ਸਾਲ ਆਸਟ੍ਰੇਲੀਆ ਵਿਚ ਡੇਲਾਈਟ ਸੇਵਿੰਗ ਟਾਈਮ 5 ਅਪ੍ਰੈਲ ਨੂੰ ਖਤਮ ਹੁੰਦਾ ਹੈ ਤੇ 4 ਅਕਤੂਬਰ ਨੂੰ ਦੁਬਾਰਾ ਸ਼ੁਰੂ ਹੁੰਦਾ ਹੈ, ਜੋ ਸਿਰਫ ਕੁਝ ਰਾਜਾਂ ਨੂੰ ਪ੍ਰਭਾਵਤ ਕਰਦਾ ਹੈ |