ਜਲੰਧਰ, 5 ਅਪ੍ਰੈਲ (ਡਾ.ਜਤਿੰਦਰ ਸਾਬੀ)-ਖੇਡ ਵਿਭਾਗ ਪੰਜਾਬ ਵੱਲੋਂ ਸਾਰੇ ਪੰਜਾਬ ਵਿਚ ਅੰਡਰ 14, ਅੰਡਰ 17 ਤੇ ਅੰਡਰ 19 ਸਾਲ ਵਰਗ ਦੇ ਵਿਦਿਆਰਥੀਆਂ ਲਈ ਗੈਰ ਰਿਹਾਇਸ਼ੀ ਖੇਡ ਵਿੰਗਾਂ 'ਚ ਦਾਖਲਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ | ਵੱਖ-ਵੱਖ ਖੇਡਾਂ ਲਈ ਹਜ਼ਾਰਾਂ ਬੱਚੇ ਇਸ ਸਹੂਲਤ ਦਾ ਲਾਭ ਲੈਣ ਲਈ ਜਦੋ ਜਹਿਦ ਕਰ ਰਹੇ ਹਨ ਤੇ ਪੰਜਾਬ ਖੇਡ ਵਿਭਾਗ ਨੇ ਜ਼ਿਲ੍ਹਾ ਖੇਡ ਅਫ਼ਸਰਾਂ ਦੀ ਦੇਖ ਰੇਖ ਚੋਣ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਹੈ | ਪਰ ਅੱਜ ਦੇ ਮਹਿੰਗਾਈ ਯੁੱਗ 'ਚ ਚਾਰ ਕੇਲੇ, ਇਕ ਕਿੱਲੋ ਦੁੱਧ ਤੇ ਮੁੱਠੀ ਬਦਾਮਾਂ ਨਾਲ ਖਿਡਾਰੀਆਂ ਨੂੰ ਉਲੰਪਿਕ ਪੱਧਰ ਲਈ ਤਿਆਰ ਕਰਨਾ ਸੰਭਵ ਨਹੀਂ ਹੈ | ਜ਼ਿਕਰਯੋਗ ਹੈ ਕਿ ਇਕ ਦੋ ਖੇਡਾਂ ਨੂੰ ਛੱਡ ਕੇ ਬਾਕੀ ਖੇਡਾਂ ਵਿਚ ਰਿਹਾਇਸ਼ੀ ਖੇਡ ਵਿੰਗ ਚਿੱਟੇ ਹਾਥੀ ਸਾਬਤ ਹੋ ਰਹੇ ਹਨ ਤੇ ਉਹ ਚੰਗੇ ਨਤੀਜੇ ਦੇਣ 'ਚ ਅਸਫਲ ਰਹੇ ਹਨ | ਭਿ੍ਸ਼ਟ ਪ੍ਰਬੰਧ ਵਿਚ ਬੱਚਿਆਂ ਦੀ ਖਾਧ ਖ਼ੁਰਾਕ ਵਿਚ ਕੁੰਡੀ ਲਾਉਣੀ ਆਮ ਵਤੀਰਾ ਬਣ ਗਿਆ ਹੈ | ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਠੇਕੇਦਾਰਾਂ ਨੂੰ ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਬਹੁਤੇ ਜ਼ਿਲਿ੍ਹਆਂ ਵਿਚ ਇਹ ਵਿੰਗ ਸਮੇਂ ਸਿਰ ਚਾਲੂ ਨਹੀਂ ਹੁੰਦੇ | ਖੇਡ ਵਿਭਾਗ 31 ਦਸੰਬਰ ਤੱਕ ਇਹ ਵਿੰਗ ਬੰਦ ਕਰਨ ਦਾ ਫੁਰਮਾਨ ਜਾਰੀ ਕਰ ਦਿੰਦਾ ਹੈ | ਇਸ ਤਰ੍ਹਾਂ ਇਹ ਵਿੰਗ ਲਗਭਗ 6 ਕੁ ਮਹੀਨੇ ਹੀ ਚਲਦੇ ਹਨ | ਗੌਰਤਲਬ ਹੈ ਕਿ ਗਜ਼ਟਿਡ ਛੁੱਟੀ ਦੌਰਾਨ ਖਿਡਾਰੀ ਪ੍ਰੈਕਟਿਸ ਕਰਦੇ ਹਨ ਪਰ ਉਨ੍ਹਾਂ ਲਈ ਡਾਈਟ ਬੰਦ ਹੁੰਦੀ ਹੈ | ਖੇਡ ਮਾਹਿਰਾਂ ਅਨੁਸਾਰ ਬਹੁਤ ਸਾਰੀਆਂ ਖੇਡਾਂ ਦੀ ਨੈਸ਼ਨਲ ਆਮ ਤੌਰ ਤੇ ਫਰਵਰੀ ਮਹੀਨੇ ਤੱਕ ਵੀ ਚੱਲਦੀਆਂ ਹਨ | ਪੰਜਾਬ ਖੇਡ ਵਿਭਾਗ ਨੂੰ ਇਸ ਸਕੀਮ ਨੂੰ ਲੰਮੀ ਸੋਚ ਰੱਖ ਕੇ ਚਲਾਉਣ ਦੀ ਜ਼ਰੂਰਤ ਹੈ ਤਾਂ ਜੋ ਸਾਰਾ ਸਾਲ ਖਿਡਾਰੀ ਇਸ ਚੰਗੀ ਸਕੀਮ ਦਾ ਲਾਭ ਲੈ ਸਕਣ | ਪੰਜਾਬ ਦੇ ਖੇਡ ਮਾਹਿਰਾਂ ਦੀ ਮੰਗ ਹੈ ਕਿ ਰਿਹਾਇਸ਼ੀ ਵਿੰਗ ਖੋਲ੍ਹਣ ਤੋਂ ਪਹਿਲਾਂ ਪਿਛਲੀ ਕਾਰਗੁਜ਼ਾਰੀ ਦੀ ਪੜਚੋਲ ਕਰਨੀ ਚਾਹੀਦੀ ਹੈ ਤਾਂ ਜੋ ਖਿਡਾਰੀਆਂ ਦੀ ਖਾਧ ਖ਼ੁਰਾਕ 'ਤੇ ਡਾਕਾ ਮਾਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ | ਉਨ੍ਹਾਂ ਮੰਗ ਕੀਤੀ ਕਿ ਗੈਰ ਰਿਹਾਇਸ਼ੀ ਖੇਡ ਵਿੰਗ ਦੀਆਂ ਸੀਟਾਂ ਵਿਚ ਵਾਧਾ ਕੀਤਾ ਜਾਵੇ ਤੇ ਖਿਡਾਰੀਆਂ ਦੀ ਡਾਈਟ ਫ਼ੀਸ ਵਧਾਈ ਜਾਵੇ ਤੇ ਇਸ ਨੂੰ ਲੋੜਵੰਦ ਥਾਵਾਂ 'ਤੇ ਹੀ ਚਲਾਇਆ ਜਾਵੇ | ਉਨ੍ਹਾਂ ਕਿਹਾ ਕਿ ਖੇਡ ਵਿੰਗ ਨੂੰ ਸਾਰਾ ਸਾਲ ਚਾਲੂ ਕਰਕੇ ਖਿਡਾਰੀਆਂ ਦੀ ਜਾਇਜ਼ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਸਾਰਾ ਸਾਲ ਖੇਡ ਮੈਦਾਨ ਨਾਲ ਜੁੜਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਜ਼ਮੀਨੀ ਪੱਧਰ ਤੋਂ ਖੇਡਾਂ ਦੀ ਪਨੀਰੀ ਮੁੜ ਸੁਰਜੀਤ ਹੋਵੇਗੀ ਤੇ ਉਹ ਅੱਗੇ ਜਾ ਕੇ ਸਾਡੇ ਸੂਬੇ ਦੇ ਦੇਸ਼ ਦਾ ਚੰਗਾ ਖੇਡ ਭਵਿੱਖ ਸਾਬਤ ਹੋਵੇਗੀ |
ਕਿਤੇ ਖਾਨਾ ਪੂਰਤੀ ਨਾ ਬਣ ਰਹਿ ਜਾਵੇ ਗੈਰ ਰਿਹਾਇਸ਼ੀ ਖੇਡ ਵਿੰਗ ਸਕੀਮ <br/>
ਅਜੀਤ ਡੈਸਕ
06-04-2026