ਗਲਾਸਗੋ, 5 ਅਪ੍ਰੈਲ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਦੇ ਸਾਰੇ ਗੁਰਦੁਆਰਿਆਂ ਦੀ ਸਾਂਝੀ ਕਮੇਟੀ ਗਲਾਸਗੋ ਗੁਰਦੁਆਰਾ ਕੌਂਸਲ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਬੰਧ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਸਜਾਈ ਗਈ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸ਼ੋਭਿਤ ਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਓਟੈਗੋ ਸਟਰੀਟ ਤੋਂ ਹੋਈ | ਨਗਰ ਕੀਰਤਨ ਸਿੰਘ ਸਭਾ ਸੈਂਟਰਲ ਗੁਰਦੁਆਰਾ ਬਰਕਲੇਅ ਸਟਰੀਟ ਤੇ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟ ਐਂਡਰਿਊ ਡਰਾਈਵ ਤੋਂ ਹੁੰਦਾ ਹੋਇਆ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਅਲਬਰਟ ਡਰਾਈਵ ਵਿਖੇ ਸਮਾਪਤ ਹੋਇਆ | ਪੜਾਵਾਂ ਦੌਰਾਨ ਗੁਰਦੁਆਰਿਆਂ 'ਚ ਤੇ ਵੱਖ-ਵੱਖ ਥਾਂਵਾਂ 'ਤੇ ਲੰਗਰ ਦੇ ਸਟਾਲ ਲਗਾਏ ਗਏ | ਗਲਾਸਗੋ ਸ਼ਹਿਰ ਦੀਆਂ ਮੁੱਖ ਸੜਕਾਂ ਆਮ ਆਵਾਜਾਈ ਲਈ ਬੰਦ ਕੀਤੀਆਂ ਹੋਈਆਂ ਸਨ ਤੇ ਹਰ ਪਾਸੇ ਖ਼ਾਲਸਾਈ ਤੇ ਪੰਜਾਬੀ ਪਹਿਰਾਵੇ 'ਚ ਪਹੁੰਚੀਆਂ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ | ਮੀਂਹ ਝੱਖੜ ਤੇ ਬਰਫਵਾਰੀ ਦੇ ਬੇਹੱਦ ਖਰਾਬ ਮੌਸਮ ਹੋਣ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ | ਸੜਕਾਂ 'ਤੇ ਲੱਗੇ ਥਾਂ-ਥਾਂ ਲੰਗਰਾਂ ਦੇ ਸਟਾਲਾਂ ਤੇ ਟੈਂਟਾਂ 'ਚ ਵੀ ਸੰਗਤਾਂ ਦੇ ਵੱਡੇ ਇਕੱਠ ਵੇਖਣ ਨੂੰ ਮਿਲੇ |
ਗਲਾਸਗੋ 'ਚ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ <br/>
ਅਜੀਤ ਡੈਸਕ
06-04-2026