ਲੰਡਨ, 5 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਟੈਕਸ ਧੋਖਾਧੜੀ ਦੇ ਦਾਅਵਿਆਂ ਤੋਂ ਬਾਅਦ ਪਾਬੰਦੀ ਦੇ ਬਾਵਜੂਦ ਇਕ ਭਾਰਤੀ ਮੂਲ ਦੇ ਜੋੜੇ ਨੂੰ ਯੂ.ਕੇ. ਵਿਚ 5 ਸਾਲਾਂ ਤੋਂ ਵੱਧ ਸਮੇਂ ਲਈ ਕੰਪਨੀਆਂ ਚਲਾਉਣ ਲਈ ਅਯੋਗਤਾ ਦੇ ਹੁਕਮ ਦੀ ਉਲੰਘਣਾ ਕਰਨ ਲਈ ਸਜ਼ਾ ਸੁਣਾਈ ਹੈ | ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਦੇ 71 ਸਾਲਾ ਭਰਤ ਜੋਗੀਆ ਨੂੰ 2014 'ਚ 13 ਸਾਲਾਂ ਲਈ ਕੰਪਨੀ ਡਾਇਰੈਕਟਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ | ਉਹਨਾਂ ਦੀ ਕੰਪਨੀ ਜੋਗੀਆ ਜਵੈਲਰਜ਼ (ਯੂ ਕੇ) ਲਿਮਟਿਡ ਨੂੰ ਐਚ.ਐਮ. ਰੈਵੇਨਿਊ ਐਂਡ ਕਸਟਮਜ਼ (ਐਚ.ਐਮ.ਆਰ.ਸੀ.) ਤੋਂ ਗਲਤ ਤਰੀਕੇ ਨਾਲ 20 ਲੱਖ ਪੌਂਡ ਤੋਂ ਵੱਧ ਦਾ ਦਾਅਵਾ ਕਰਨ ਲਈ ਮਜਬੂਰ ਕੀਤਾ ਸੀ | ਯੂ.ਕੇ. ਦੀ ਇਨਸੋਲਵੈਂਸੀ ਸਰਵਿਸ ਨੇ ਪਾਇਆ ਕਿ ਉਸਨੇ ਫਾਰਮਾਸਿਊਟੀਕਲ ਕੰਪਨੀਆਂ ਡਾਇਮੰਡ ਫਾਰਮਾ ਲਿਮਟਿਡ ਤੇ ਬੀ.ਐਚ.ਜੇ. ਕੰਸਲਟਿੰਗ ਲਿਮਟਿਡ ਨੂੰ ਕੰਟਰੋਲ ਕਰਨਾ ਜਾਰੀ ਰੱਖਣ ਲਈ ਉਸ ਪਾਬੰਦੀ ਨੂੰ ਨਜ਼ਰਅੰਦਾਜ਼ ਕੀਤਾ ਸੀ | ਉਸਦੀ ਪਤਨੀ 57 ਸਾਲਾ ਲੁਈਸ ਜੋਗੀਆ ਨੂੰ ਅਯੋਗਤਾ ਦੀ ਉਲੰਘਣਾ ਕਰਨ 'ਚ ਉਸਨੂੰ 'ਸਹਾਇਤਾ ਤੇ ਉਕਸਾਉਣ' ਲਈ ਸਜ਼ਾ ਸੁਣਾਈ ਗਈ ਤੇ ਬੀ.ਐਚ.ਜੇ. ਕੰਸਲਟਿੰਗ ਦੇ ਅਧਿਕਾਰਤ ਡਾਇਰੈਕਟਰ ਵਜੋਂ ਕੰਮ ਕੀਤਾ ਸੀ | ਬਰਮਿੰਘਮ ਅਦਾਲਤ ਨੇ ਜੋਗੀਆ ਨੂੰ ਪਾਬੰਦੀ ਦੀ ਉਲੰਘਣਾ ਕਰਨ ਤੇ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ, ਜੋ 18 ਮਹੀਨਿਆਂ ਲਈ ਮੁਅੱਤਲ ਹੋਵੇਗੀ | ਇਸ ਦੇ ਨਾਲ ਹੀ 100 ਘੰਟੇ ਬਿਨਾਂ ਤਨਖਾਹ ਵਾਲੇ ਸਮਾਜ ਸੇਵਾ ਕਰਨ ਤੇ ਕੰਪਨੀ ਡਾਇਰੈਕਟਰ ਵਜੋਂ ਹੋਰ 10 ਸਾਲਾਂ ਲਈ ਅਯੋਗ ਕਰਾਰ ਦੇਣ ਦਾ ਵੀ ਹੁਕਮ ਦਿੱਤਾ ਹੈ | ਉਸਦੀ ਪਤਨੀ ਨੂੰ ਉਸੇ ਸੁਣਵਾਈ 'ਤੇ ਸੱਤ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜੋ 18 ਮਹੀਨਿਆਂ ਲਈ ਮੁਅੱਤਲ ਹੋਵੇਗੀ ਤੇ ਕੰਪਨੀ ਡਾਇਰੈਕਟਰ ਵਜੋਂ 10 ਸਾਲ ਲਈ ਅਯੋਗ ਕਰਾਰ ਦਿੱਤਾ ਗਿਆ |
ਯੂ.ਕੇ. 'ਚ ਟੈਕਸ ਧੋਖਾਧੜੀ 'ਚ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਭਾਰਤੀ ਮੂਲ ਦੇ ਜੋੜੇ ਨੂੰ ਜੇਲ੍ਹ <br/>
ਅਜੀਤ ਡੈਸਕ
06-04-2026