ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕਈ ਸਾਲਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਸਿੱਖ ਹਿਰਦਿਆਂ ਨੂੰ ਬਲੂੰਧਰ ਰਹੀਆਂ ਹਨ | ਸਿੱਖਾਂ ਵੱਲੋਂ ਵਾਰ-ਵਾਰ ਕੀਤੇ ਜਾ ਰਹੀ ਮੰਗ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲ ਰਿਹਾ | ਜਦਕਿ ਇਸ ਸੰਵੇਦਨਸ਼ੀਲ ਮਾਮਲੇ 'ਚ ਕਰੜੇ ਫੈਸਲੇ ਲੈਣ ਦੀ ਲੋੜ ਹੈ, ਇਹ ਵਿਚਾਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗਰਮੇਲ ਸਿੰਘ ਮੱਲੀ ਤੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ ਜਾਂ ਪੋਥੀਆਂ ਦੇ ਰੂਪ ਗੁਰੂ ਸਾਹਿਬਾਨ ਦੇ ਸਮੇਂ ਤੋਂ ਗੁਰਬਾਣੀ ਗੁਰਦੁਆਰਾ ਸਾਹਿਬ ਜਾਂ ਸਿੱਖਾਂ ਦੇ ਘਰਾਂ 'ਚ ਸ਼ਸ਼ੋਬਿਤ ਹਨ | ਲੇਕਿਨ ਅਫਸੋਸ ਕਿ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਕਾਨੂੰਨੀ ਤੌਰ 'ਤੇ ਕਿਸੇ ਵੀ ਦੋਸ਼ੀ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਗਈ | ਮੱਲੀ ਅਤੇ ਸਰਪੰਚ ਨੇ ਕਿਹਾ ਕਿ ਅਗਲੇ ਦਿਨਾਂ 'ਚ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ ਉਹ ਇਹਨਾਂ ਸਖ਼ਤ ਤੇ ਸ਼ਪਸ਼ਟ ਹੋਣਾ ਚਾਹੀਦਾ ਹੈ ਕਿ ਬੇਅਦਬੀ ਕਰਨ ਅਤੇ ਕਰਵਾਉਣ ਵਾਲੇ ਨਾ ਤਾਂ ਬਚ ਸਕਣ ਤੇ ਦੋਵੇਂ ਹੀ ਬਰਾਬਰ ਦੇ ਦੋਸ਼ੀ ਤੇ ਬਰਾਬਰ ਦੀ ਸਜ਼ਾ ਦੇ ਹੱਕਦਾਰ ਹੋਣ |