ਲੰਡਨ, 22 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ 'ਚ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਇਨ੍ਹਾਂ ਅਪਰਾਧਾਂ ਨੂੰ ਸਰਕਾਰੀ ਪੱਧਰ 'ਤੇ ਅਣਗੌਲਿਆ ਕੀਤਾ ਜਾ ਰਿਹਾ ਹੈ | ਫੈਡਰੇਸ਼ਨ ਵਲੋਂ ਜਾਰੀ ਬਿਆਨ 'ਚ ਭਾਈ ਜਸ ਸਿੰਘ ਨੇ ਕਿਹਾ ਕਿ ਸਿੱਖ ਫੈਡਰੇਸ਼ਨ (ਯੂ.ਕੇ.) ਵਲੋਂ ਲੰਮੇਂ ਚਿਰ ਤੋਂ ਮੁਹਿੰਮ ਚਲਾਈ ਜਾ ਰਹੀ ਹੈ ਕਿ ਸਿੱਖ ਵਿਰੋਧੀ ਨਫ਼ਰਤ ਨੂੰ ਸਰਕਾਰ ਸਹੀ ਢੰਗ ਨਾਲ ਮਾਨਤਾ ਦੇਵੇ ਤਾਂ ਕਿ ਅਜਿਹੇ ਅਪਰਾਧਾਂ ਨੂੰ ਰੋਕਿਆ ਜਾ ਸਕੇ, ਜਦਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵਿਰੋਧੀ ਧਿਰ 'ਚ ਹੁੰਦਿਆਂ ਇਹ ਵਾਅਦਾ ਕੀਤਾ ਸੀ | ਸਿੱਖ ਫੈਡਰੇਸ਼ਨ ਯੂ.ਕੇ. ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ 'ਚ ਓਲਡਬਰੀ ਅਤੇ ਵਾਲਸਾਲ 'ਚ ਦੋ ਨੌਜਵਾਨ ਸਿੱਖ ਔਰਤਾਂ ਨਾਲ ਜਬਰ ਜਨਾਹ ਤੋਂ ਬਾਅਦ ਮੰਤਰੀਆਂ ਨੇ ਸਵੀਕਾਰ ਕੀਤਾ ਸੀ ਕਿ ਸਿੱਖ ਵਿਰੋਧੀ ਨਫ਼ਰਤ ਇਕ ਬਹੁਤ ਵੱਡਾ ਮਸਲਾ ਹੋ ਸਕਦਾ ਹੈ, ਜਿਸ ਨੂੰ ਅਣਗੌਲਿਆ ਕੀਤਾ ਹੋਇਆ ਹੈ | ਸਿੱਖ ਫੈਡਰੇਸ਼ਨ (ਯੂ.ਕੇ.) ਦੇ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਕਿਹਾ ਕਿ ਇਸ ਸਾਲ 9/11 ਦੀ 25ਵੀਂ ਵਰ੍ਹੇਗੰਢ ਹੈ ਅਤੇ ਦੁਨੀਆ ਭਰ 'ਚ ਸਿੱਖਾਂ ਨੂੰ ਦਸਤਾਰਾਂ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਅਸੀਂ ਲਗਾਤਾਰ ਯੂ.ਕੇ. ਸਰਕਾਰਾਂ ਨੂੰ ਸਿੱਖ ਵਿਰੋਧੀ ਨਫ਼ਰਤ ਨੂੰ ਪਛਾਣਨ ਅਤੇ ਹੱਲ ਕਰਨ ਦੀ ਮੰਗ ਕਰ ਰਹੇ ਹਾਂ |