ਬਾਰਸੀਲੋਨਾ, 23 ਅਪ੍ਰੈਲ (ਏਜੰਸੀ)-ਬਾਰਸੀਲੋਨਾ ਨੇ ਐਸਪਨੀਓਲ ਨੂੰ 4-1 ਨਾਲ ਹਰਾ ਕੇ ਲਗਾਤਾਰ 7ਵੀਂ ਵਾਰ ਮਹਿਲਾ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ | ਇਸ ਜਿੱਤ ਨਾਲ, ਬਾਰਸੀਲੋਨਾ ਦੂਜੇ ਸਥਾਨ 'ਤੇ ਰਹਿਣ ਵਾਲੀ ਰੀਅਲ ਮੈਡਿ੍ਡ ਤੋਂ 16 ਅੰਕ ਅੱਗੇ ਹੋ ਗਿਆ ਹੈ | ਇਹ ਖਿਤਾਬ ਹਾਸਲ ਕਰਨ ਲਈ ਕਾਫ਼ੀ ਬੜ੍ਹਤ ਹੈ | ਇਹ ਬਾਰਸੀਲੋਨਾ ਦਾ ਕੁੱਲ 11ਵਾਂ ਲੀਗ ਖਿਤਾਬ ਹੈ | ਬਾਰਸੀਲੋਨਾ ਨੇ ਇਸ ਸਾਲ ਦੇ ਟੂਰਨਾਮੈਂਟ 'ਚ ਆਪਣੇ 26 ਮੈਚਾਂ 'ਚੋਂ 25 ਜਿੱਤੇ ਹਨ | ਇਸਦੀ ਇੱਕੋ ਇਕ ਹਾਰ ਪਿਛਲੇ ਨਵੰਬਰ 'ਚ ਹੋਈ ਸੀ, ਜਦੋਂ ਇਸਨੂੰ ਰੀਅਲ ਸੋਸੀਏਡਾਡ ਦੇ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਬਾਰਸੀਲੋਨਾ ਦੀ ਮਹਿਲਾ ਟੀਮ ਨੇ ਹੁਣ ਤੱਕ ਲੀਗ 'ਚ 116 ਗੋਲ ਕੀਤੇ ਹਨ ਤੇ ਸਿਰਫ਼ ਸੱਤ ਗੁਆਏ ਹਨ | ਨਤੀਜੇ ਵਜੋਂ, ਉਨ੍ਹਾਂ ਦਾ ਗੋਲ ਅੰਤਰ 109 ਹੈ, ਜਦੋਂ ਕਿ ਰੀਅਲ ਮੈਡਿ੍ਡ ਦਾ ਗੋਲ ਅੰਤਰ 38 ਹੈ |