ਬਾਗੋਟਾ, 26 ਅਪ੍ਰੈਲ (ਏ.ਪੀ.)-ਦੱਖਣ-ਪੱਛਮੀ ਕੋਲੰਬੀਆ 'ਚ ਸ਼ਨੀਵਾਰ ਨੂੰ ਇਕ ਬੱਸ 'ਚ ਯਾਤਰਾ ਕਰ ਰਹੇ ਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਧਮਾਕੇ 'ਚ 14 ਲੋਕ ਮਾਰੇ ਗਏ ਤੇ ਘੱਟੋ-ਘੱਟ 38 ਹੋਰ ਜ਼ਖਮੀ ਹੋ ਗਏ | ਦੇਸ਼ ਦੇ ਫੌਜ ਮੁਖੀ ਨੇ ਇਸ ਘਟਨਾ ਨੂੰ 'ਅੱਤਵਾਦੀ ਹਮਲਾ' ਦੱਸਿਆ | ਇਸ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੀ ਹਿੰਸਾ ਲਗਾਤਾਰ ਵਧਦੀ ਜਾ ਰਹੀ ਹੈ | ਕਾਕਾ ਖੇਤਰ ਦੇ ਗਵਰਨਰ, ਓਕਟਾਵੀਓ ਗੁਜ਼ਮਾਨ ਨੇ ਕਿਹਾ ਕਿ ਇਹ ਧਮਾਕਾ ਕਾਜੀਬੀਓ ਨਗਰਪਾਲਿਕਾ ਦੇ ਅੰਦਰ ਪੈਨ-ਅਮਰੀਕਨ ਹਾਈਵੇਅ 'ਤੇ ਉਸ ਸਮੇਂ ਹੋਇਆ ਜਦੋਂ ਬੱਸ ਲੰਘ ਰਹੀ ਸੀ | ਕਾਕਾ ਲਈ ਸਿਹਤ ਸਕੱਤਰ, ਕੈਰੋਲੀਨਾ ਕੈਮਾਰਗੋ ਨੇ ਪੁਸ਼ਟੀ ਕੀਤੀ ਕਿ ਜ਼ਖਮੀਆਂ 'ਚ ਪੰਜ ਬੱਚੇ ਸ਼ਾਮਲ ਹਨ | ਇਕ ਪ੍ਰੈਸ ਕਾਨਫਰੰਸ 'ਚ ਬੋਲਦੇ ਹੋਏ, ਕੋਲੰਬੀਆ ਦੀ ਹਥਿਆਰਬੰਦ ਸੈਨਾ ਦੇ ਕਮਾਂਡਰ, ਜਨਰਲ ਹਿਊਗੋ ਲੋਪੇਜ਼ ਨੇ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਵਜੋਂ ਦਰਸਾਇਆ ਅਤੇ ਇਵਾਨ ਮੋਰਡਿਸਕੋ ਵਜੋਂ ਜਾਣੇ ਜਾਂਦੇ ਇਕ ਬਦਨਾਮ ਅਪਰਾਧੀ ਦੀ ਅਗਵਾਈ ਵਾਲੇ ਗਰੋਹ ਨੂੰ 'ਜੈਮੇ ਮਾਰਟੀਨੇਜ਼ ਧੜੇ' ਦੇ ਨਾਲ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ | ਦੋਵੇਂ ਸਮੂਹ ਹੁਣ ਭੰਗ ਕੀਤੇ ਗਏ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ਼ ਕੋਲੰਬੀਆ ਦੇ ਅਸੰਤੁਸ਼ਟ ਧੜੇ ਹਨ ਜੋ ਇਸ ਖੇਤਰ ਵਿਚ ਸਰਗਰਮ ਹਨ | ਇਨ੍ਹਾਂ ਸਮੂਹਾਂ ਨੇ 2016 ਵਿਚ ਸਰਕਾਰ ਨਾਲ ਹੋਏ ਸ਼ਾਂਤੀ ਸਮਝੌਤੇ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ |