ਲੈਸਟਰ (ਇੰਗਲੈਂਡ), 26 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਲੈਸਟਰਸ਼ਾਇਰ ਦੇ ਬ੍ਰਾਊਨਸਟੋਨ ਇਲਾਕੇ 'ਚ ਸਥਿਤ ਡਰੋਨ ਬਣਾਉਣ ਵਾਲੀ ਇਕ ਫੈਕਟਰੀ 'ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ | ਬੀਤੇ ਦਿਨ ਸਵੇਰੇ ਕਰੀਬ 3 ਵਜੇ ਇਕ ਵਾਹਨ ਫੈਕਟਰੀ ਦੇ ਮੁੱਖ ਦਰਵਾਜ਼ੇ ਨਾਲ ਟਕਰਾ ਦਿੱਤਾ ਗਿਆ ਤੇ ਕੁਝ ਲੋਕ ਛੱਤ 'ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਲੱਗ ਪਏ | ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿਚ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ 'ਤੇ ਜ਼ਬਰਦਸਤੀ ਅੰਦਰ ਦਾਖ਼ਲ ਹੋਣ ਅਤੇ ਤੋੜਫੋੜ ਕਰਨ ਦੇ ਦੋਸ਼ ਲਗਾਏ ਗਏ ਹਨ | ਇਹ ਸਾਰੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ ਅਤੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ | ਘਟਨਾ ਨੂੰ ਗੰਭੀਰ ਮੰਨਦਿਆਂ ਦਹਿਸ਼ਤਗਰਦੀ ਰੋਕਥਾਮ ਨਾਲ ਜੁੜੀਆਂ ਜਾਂਚ ਏਜੰਸੀਆਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ | ਪੁਲਿਸ ਹਰ ਪਾਸੇ ਤੋਂ ਪਤਾ ਲਗਾ ਰਹੀ ਹੈ ਕਿ ਇਸ ਹਮਲੇ ਦੇ ਪਿੱਛੇ ਅਸਲ ਕਾਰਨ ਕੀ ਸਨ | ਜਾਣਕਾਰੀ ਅਨੁਸਾਰ ਇਹ ਫੈਕਟਰੀ ਡਰੋਨ ਤਿਆਰ ਕਰਦੀ ਹੈ ਅਤੇ ਇਸ ਨੂੰ ਇਕ ਵਿਦੇਸ਼ੀ ਰੱਖਿਆ ਸਾਜ਼ੋ-ਸਾਮਾਨ ਬਣਾਉਣ ਵਾਲੀ ਕੰਪਨੀ ਨੇ ਆਪਣੇ ਅਧੀਨ ਕਰ ਲਿਆ ਸੀ | ਇਹ ਸੰਸਥਾ ਫੌਜ ਨੂੰ ਇਸ ਤਰ੍ਹਾਂ ਦੇ ਸਾਜ਼ੋ-ਸਾਮਾਨ ਮੁਹੱਈਆ ਕਰਦੀ ਹੈ | ਇਸ ਘਟਨਾ ਦੀ ਜ਼ਿੰਮੇਵਾਰੀ ਇਕ ਗਰੁੱਪ ਨੇ ਲਈ ਹੈ, ਜਿਸ ਨੇ ਦਾਅਵਾ ਕੀਤਾ ਕਿ ਫੈਕਟਰੀ ਇਕ ਵਿਦੇਸ਼ੀ ਦੇਸ਼ ਨਾਲ ਜੁੜੀ ਹੋਈ ਹੈ, ਪਰ ਸੰਬੰਧਿਤ ਸੰਸਥਾ ਨੇ ਇਹ ਦੋਸ਼ ਨਕਾਰ ਦਿੱਤੇ ਹਨ | ਸੰਸਥਾ ਦੇ ਬੁਲਾਰੇ ਨੇ ਕਿਹਾ ਕਿ ਉਹ ਉਸ ਦੇਸ਼ ਦੀ ਫੌਜ ਨੂੰ ਕੋਈ ਸਪਲਾਈ ਨਹੀਂ ਕਰਦੇ | ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਗਲਤ ਜਾਣਕਾਰੀ ਫੈਲਾ ਕੇ ਹੋਰਾਂ ਨੂੰ ਭੜਕਾ ਰਹੇ ਹਨ, ਜਿਸ ਨਾਲ ਕਾਨੂੰਨ ਦੇ ਖ਼ਿਲਾਫ਼ ਕੰਮ ਹੋ ਰਹੇ ਹਨ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਹੋਰ ਗਿ੍ਫ਼ਤਾਰੀਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ |