ਸੈਕਰਾਮੈਂਟੋ, 27 ਅਪ੍ਰੈਲ (ਹੁਸਨ ਲੜੋਆ ਬੰਗਾ)-ਜਾਰਜੀਆ ਦੀ ਬਰਾਂਟਲੇ ਕਾਊਾਟੀ ਦੇ ਦੱਖਣ ਪੂਰਬ ਵਿਚ ਲੱਗੀ ਭਿਆਨਕ ਅੱਗ 'ਚ ਭਾਰੀ ਮਾਲੀ ਨੁਕਸਾਨ ਹੋਣ ਦੀ ਖ਼ਬਰ ਹੈ, ਹਾਲਾਂਕਿ ਪੁਲਿਸ ਵੱਲੋਂ ਵਰਤੀ ਗਈ ਫੁਰਤੀ ਕਾਰਨ ਖੇਤਰ 'ਚ ਰਹਿੰਦੇ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ | ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਲੋਕ ਕੰਮਾਂ ਕਾਰਾਂ 'ਤੇ ਜਾਣ ਲਈ ਤਿਆਰ ਹੋ ਰਹੇ ਸਨ ਤੇ ਮਾਵਾਂ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਕਰ ਰਹੀਆਂ ਸਨ ਜਦੋਂ ਅੱਗ ਬੁਝਾਊ ਅਮਲੇ ਤੇ ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ | ਸਮਝਿਆ ਜਾਂਦਾ ਹੈ ਕਿ ਅੱਗ ਬੱਚਿਆਂ ਦੀ ਪਾਰਟੀ ਦੌਰਾਨ ਉਡਾਏ ਗੁਬਾਰੇ ਕਾਰਨ ਲੱਗੀ ਜੋ ਬਿਜਲੀ ਦੀ ਲਾਈਨ ਉੱਪਰ ਜਾ ਡਿੱਗਾ | ਅੱਗ ਤੇਜ਼ੀ ਨਾਲ ਫੈਲੀ ਤੇ ਕਈ ਏਕੜ ਜੰਗਲ ਉਸ ਦੀ ਲਪੇਟ ਵਿਚ ਆ ਗਿਆ | ਜਾਰਜੀਆ ਦੇ ਗਵਰਨਰ ਬਰੀਅਨ ਕੈਂਪ ਅਨੁਸਾਰ 120 ਤੋਂ ਵਧ ਘਰ ਸੜ ਗਏ ਹਨ ਤੇ ਉਨ੍ਹਾਂ ਵਿਚ ਪਿਆ ਸਮਾਨ ਸਵਾਹ ਹੋ ਗਿਆ ਹੈ | ਉਨ੍ਹਾਂ ਕਿਹਾ ਕਿ 4000 ਦੇ ਆਸ ਪਾਸ ਘਰਾਂ ਨੂੰ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ | ਅੱਗ ਲੱਗਣ ਉਪਰੰਤ ਅਸਮਾਨ 'ਚ ਕਾਲਾ ਧੂੰਆਂ ਫੈਲ ਗਿਆ | ਘਰਾਂ ਤੋਂ ਇਲਾਵਾ ਕਾਰਾਂ ਤੇ ਹੋਰ ਕੀਮਤੀ ਸਮਾਨ ਵੀ ਰਾਖ 'ਚ ਤਬਦੀਲ ਹੋ ਗਿਆ |