ਆਕਲੈਂਡ, 5 ਮਈ (ਅਜੀਤ ਬਿਊਰੋ/ਇੰਟ.)-ਨਿਊਜ਼ੀਲੈਂਡ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਨੀਤੀ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ ਤੇ ਇਸਦਾ ਪ੍ਰਭਾਵ ਭਾਰਤੀਆਂ ਖਾਸ ਕਰਕੇ ਪੰਜਾਬ ਦੇ ਲੋਕਾਂ 'ਤੇ ਵੱਧ ਪਵੇਗਾ | ਨਵੇਂ ਨਿਯਮਾਂ ਦੇ ਤਹਿਤ, ਵੀਜ਼ਾ ਫੀਸਾਂ 'ਚ ਵਾਧਾ ਕੀਤਾ ਗਿਆ ਹੈ ਤੇ ਬਿਨੈਕਾਰਾਂ ਨੂੰ ਹੁਣ ਆਪਣੇ ਬੈਂਕ ਖਾਤਿਆਂ ਵਿਚ 11.20 ਲੱਖ ਦੇ ਫੰਡ ਦਾ ਸਬੂਤ ਦਿਖਾਉਣਾ ਪਵੇਗਾ | ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਰਫ ਇਕ ਵਾਰ ਵਰਕ ਪਰਮਿਟ ਦਿੱਤਾ ਜਾਵੇਗਾ | ਨਵੀਂ ਨੀਤੀ ਸਾਰੇ ਵਰਗਾਂ ਦੇ ਕਾਮਿਆਂ ਲਈ ਅੰਗਰੇਜ਼ੀ ਭਾਸ਼ਾ ਦੀ ਜਾਂਚ ਨੂੰ ਵੀ ਲਾਜ਼ਮੀ ਬਣਾਉਂਦੀ ਹੈ | ਸਫਾਈ ਸੇਵਕਾਂ, ਫੈਕਟਰੀ ਕਾਮਿਆਂ ਤੇ ਡਰਾਈਵਰਾਂ ਵਰਗੀਆਂ ਨੌਕਰੀਆਂ ਲਈ ਬਿਨੈਕਾਰਾਂ ਨੂੰ ਵੀ ਹੁਣ ਅੰਗਰੇਜ਼ੀ ਮੁਹਾਰਤ ਟੈਸਟ ਪਾਸ ਕਰਨ ਦੀ ਲੋੜ ਹੈ | ਅਧਿਕਾਰੀਆਂ ਨੇ ਅਚਾਨਕ ਇੰਟਰਵਿਊ ਵੀ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਨੂੰ ਪਾਸ ਨਾ ਕਰਨ 'ਤੇ ਤੁਰੰਤ ਦੇਸ਼ ਨਿਕਾਲਾ ਹੋ ਸਕਦਾ ਹੈ | ਰਿਪੋਰਟਾਂ ਦਰਸਾਉਂਦੀਆਂ ਹਨ ਕਿ ਇਕ ਹਫ਼ਤੇ ਦੇ ਅੰਦਰ, ਪੰਜਾਬ ਦੇ ਘੱਟੋ-ਘੱਟ 2 ਵਿਅਕਤੀਆਂ ਨੂੰ ਨਵੇਂ ਨਿਯਮਾਂ ਦੇ ਤਹਿਤ ਦੇਸ਼ ਵਿਚ ਦਾਖਲ ਹੋਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਹ ਵੀ ਖੁਲਾਸਾ ਹੋਇਆ ਹੈ ਕਿ ਲਗਭਗ 42 ਫ਼ੀਸਦ ਵਿਦਿਆਰਥੀ ਵੀਜ਼ੇ ਹਾਲ ਹੀ ਵਿਚ ਰੱਦ ਕਰ ਦਿੱਤੇ ਗਏ ਹਨ | ਹਰ ਸਾਲ, ਪੰਜਾਬ ਤੋਂ ਲਗਭਗ 10,000 ਵਿਦਿਆਰਥੀ ਸਟੱਡੀ ਵੀਜ਼ਾ 'ਤੇ ਨਿਊਜ਼ੀਲੈਂਡ ਦੀ ਯਾਤਰਾ ਕਰਦੇ ਹਨ, ਜਿਸ ਨਾਲ ਨਵੇਂ ਨਿਯਮ ਚਾਹਵਾਨ ਪ੍ਰਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ |