ਸੈਕਰਾਮੈਂਟੋ, 5 ਮਈ (ਹੁਸਨ ਲੜੋਆ ਬੰਗਾ)-ਟੈਕਸਾਸ ਦੀ ਇਕ ਅਦਾਲਤ ਨੇ ਪਿਛਲੇ 3 ਦਹਾਕਿਆਂ ਦੇ ਵਧ ਸਮੇਂ ਤੋਂ ਅਮਰੀਕਾ 'ਚ ਰਹਿ ਰਹੀ ਭਾਰਤੀ ਮੂਲ ਦੀ ਮੀਨੂ ਬੱਤਰਾ ਨੂੰ ਤੁਰੰਤ ਸੰਘੀ ਇਮੀਗ੍ਰੇਸ਼ਨ ਵਿਚੋਂ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ | ਅਦਾਲਤ ਨੇ ਕਿਹਾ ਕਿ ਉਸ ਦੀ ਗਿ੍ਫ਼ਤਾਰੀ ਵੇਲੇ ਨਿਯਮਾਂ ਤੇ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ | ਟੈਕਸਾਸ ਵਿਚ ਬੱਤਰਾ ਇਕੋ ਇਕ ਲਾਇਸੰਸਸ਼ੁਦਾ ਦੁਭਾਸ਼ੀਆ ਹੈ, ਜੋ ਅੰਗਰੇਜ਼ੀ ਦਾ ਪੰਜਾਬੀ, ਹਿੰਦੀ ਤੇ ਉਰਦੂ 'ਚ ਅਨੁਵਾਦ ਕਰ ਸਕਦੀ ਹੈ | ਜ਼ਿਕਰਯੋਗ ਹੈ ਕਿ ਬੱਤਰਾ ਨੂੰ ਹਰਲੀਨਗਨ ਵਿਚ ਵੈਲੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ 17 ਮਾਰਚ ਨੂੰ ਉਸ ਵੇਲੇ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਸ ਦੇ ਸਭ ਤੋਂ ਛੋਟੇ ਪੁੱਤਰ ਜਸਪਰ ਜਿਸ ਨੇ ਅਮਰੀਕੀ ਫ਼ੌਜ ਵਿਚ ਨੌਕਰੀ ਕੀਤੀ ਹੈ, ਦੇ ਆਧਾਰ 'ਤੇ ਬੱਤਰਾ ਲਈ ਗਰੀਨ ਕਾਰਡ ਲੈਣ ਦੀ ਯੋਜਨਾ ਕੀਤੀ ਜਾ ਰਹੀ ਹੈ |