ਲੈਸਟਰ (ਇੰਗਲੈਂਡ), 12 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲਿਸ਼ ਚੈਨਲ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬਰਤਾਨੀਆ ਭੇਜਣ ਵਾਲੇ ਇਕ ਵੱਡੇ ਮਨੁੱਖੀ ਤਸਕਰੀ ਗਰੋਹ ਦੇ ਮੁੱਖ ਸਰਗਣਾ ਦੀ ਪਹਿਚਾਣ ਸਾਹਮਣੇ ਆਈ ਹੈ | ਜਾਂਚ ਅਨੁਸਾਰ 'ਕਾਰਡੋ ਰਾਨਿਆ' ਦੇ ਨਾਂਅ ਨਾਲ ਜਾਣਿਆ ਜਾਣ ਵਾਲਾ 28 ਸਾਲਾ ਇਰਾਕੀ ਕੁਰਦ ਕਈ ਸਾਲਾਂ ਤੋਂ ਪੁਲਿਸ ਅਤੇ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਤੋਂ ਬਚਦਾ ਆ ਰਿਹਾ ਸੀ | ਉਸ ਦਾ ਅਸਲੀ ਨਾਂਅ ''ਕਾਰਡੋ ਮੁਹੰਮਦ ਅਮੀਨ ਜਾਫ'' ਦੱਸਿਆ ਗਿਆ ਹੈ | ਉਹ ਇਰਾਕੀ ਕੁਰਦਿਸਤਾਨ ਦੇ ਰਾਨਿਆ ਖੇਤਰ ਨਾਲ ਸਬੰਧਤ ਹੈ ਤੇ ਉਸ ਦੇ ਗਰੋਹ 'ਤੇ ਅਫ਼ਗਾਨਿਸਤਾਨ ਤੋਂ ਲੈ ਕੇ ਬਿ੍ਟੇਨ ਤੱਕ ਗ਼ੈਰਕਾਨੂੰਨੀ ਰਸਤੇ ਰਾਹੀਂ ਲੋਕਾਂ ਨੂੰ ਪਹੁੰਚਾਉਣ ਦੇ ਦੋਸ਼ ਹਨ | ਬਰਤਾਨੀਆ ਦੀ ਕੌਮੀ ਅਪਰਾਧ ਏਜੰਸੀ ਦੇ ਅਧਿਕਾਰੀਆਂ ਅਨੁਸਾਰ ਇੰਗਲਿਸ਼ ਚੈਨਲ ਰਾਹੀਂ ਹੋਣ ਵਾਲੀਆਂ ਛੋਟੀਆਂ ਕਿਸ਼ਤੀਆਂ ਦੀਆਂ ਜ਼ਿਆਦਾਤਰ ਯਾਤਰਾਵਾਂ ਕੁਰਦ ਤਸਕਰ ਗਰੋਹਾਂ ਦੇ ਕਬਜ਼ੇ ਹੇਠ ਹਨ | ਜਾਂਚ ਦੌਰਾਨ ਫਰਾਂਸ ਦੇ ਪ੍ਰਵਾਸੀ ਕੈਂਪਾਂ ਤੋਂ ਲੈ ਕੇ ਇਰਾਕੀ ਕੁਰਦਿਸਤਾਨ ਤੱਕ ਕਈ ਸਰੋਤਾਂ ਨਾਲ ਗੱਲਬਾਤ ਕਰਕੇ ਇਸ ਗਰੋਹ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ | ਇਹ ਗਿਰੋਹ ਇਕ ਵਿਅਕਤੀ ਨੂੰ ਇਰਾਕ ਤੋਂ ਬਰਤਾਨੀਆ ਪਹੁੰਚਾਉਣ ਲਈ ਲਗਭਗ 17 ਹਜ਼ਾਰ ਯੂਰੋ ਤੱਕ ਵਸੂਲਦਾ ਸੀ | ਗਰੋਹ ਆਪਣੇ ਆਪ ਨੂੰ 'ਸੁਰੱਖਿਅਤ ਯਾਤਰਾ'' ਦੇਣ ਵਾਲਾ ਦੱਸਦਾ ਸੀ ਤੇ ਵੱਡੀ ਰਕਮ ਦੇਣ ਵਾਲਿਆਂ ਲਈ ਖ਼ਾਸ ਸਹੂਲਤਾਂ ਦੀ ਪੇਸ਼ਕਸ਼ ਕਰਦਾ ਸੀ |