ਨਵੀਂ ਦਿੱਲੀ, 13 ਮਈ (ਏਜੰਸੀ)-ਦੁਨੀਆ ਦੇ ਸਭ ਤੋਂ ਵਕਾਰੀ ਫਿਲਮ ਸਮਾਰੋਹਾਂ 'ਚ ਸ਼ਾਮਿਲ ਕਾਨਸ ਫਿਲਮ ਫੈਸਟੀਵਲ 2026 ਦਾ 79ਵਾਂ ਐਡੀਸ਼ਨ 12 ਮਈ ਤੋਂ 23 ਮਈ ਤੱਕ ਕਰਵਾਇਆ ਜਾ ਰਿਹਾ ਹੈ | ਹਰ ਸਾਲ ਫਰਾਂਸ ਦੇ 'ਫਰੈਂਚ ਰਿਵੇਰਾ' 'ਚ ਹੋਣ ਵਾਲਾ ਇਹ ਫਿਲਮ ਸਮਾਰੋਹ ਦੁਨੀਆਭਰ ਦੇ ਸਿਨੇਮਾ ਪ੍ਰੇਮੀਆਂ ਤੇ ਫਿਲਮਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ | ਇਸ ਸਾਲ ਕਾਨਸ 'ਚ ਪ੍ਰੀਮੀਅਰ ਹੋਣ ਵਾਲੀਆਂ 6 ਭਾਰਤੀ ਫਿਲਮਾਂ 'ਚ ਪੰਜਾਬੀ ਫਿਲਮ ਚੜ੍ਹਦੀਕਲਾ ਵੀ ਸ਼ਾਮਿਲ ਹੈ | ਨਿਰਦੇਸ਼ਕ ਅਮਰਜੀਤ ਸਿੰਘ ਸਰੋਨ ਦੀ ਇਸ ਫਿਲਮ 'ਚ ਐਮੀ ਵਿਰਕ ਤੇ ਰੂਪੀ ਗਿੱਲ ਮੁੱਖ ਭੂਮਿਕਾ 'ਚ ਹਨ | ਇਸ ਦੀ ਕਹਾਣੀ ਇਕ ਸਮਰਪਿਤ ਨਰਸ ਦੀ ਹੈ, ਜਿਸ ਦੀ ਸ਼ਾਂਤ ਜਿੰਦਗੀ ਇਕ ਵੱਡੀ ਘਟਨਾ ਝੂਠਾ ਫ਼ਸਾਏ ਜਾਣ ਤੋਂ ਬਾਅਦ ਬਦਲ ਜਾਂਦੀ ਹੈ | ਇਹ 29 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ | 1986 'ਚ ਰਿਲੀਜ਼ ਹੋਈ ਨਿਰਦੇਸ਼ਕ ਜਾਨ ਅਬਰਾਹਮ ਦੀ ਮਲਿਆਲਮ ਫਿਲਮ 'ਅੰਮਾ ਅਰਿਆਨ', ਫਿਲਮ ਨਿਰਮਾਤਾ ਚਿਦੰਬਰਮ ਦੀ ਮਲਿਆਲਮ ਫਿਲਮ 'ਬਾਲਨ: ਦਾ ਬੁਆਏ', ਨਿਰਦੇਸ਼ਕ ਕਰੇਨ ਕਸ਼ਿਤੀ ਸੁਵਰਨਾ ਦੀ ਫੀਚਰ ਫਿਲਮ 'ਸਤੰਬਰ 21', ਮੇਹਰ ਮਲਹੋਤਰਾ ਦੀ ਪੰਜਾਬੀ ਲਘੂ ਫਿਲਮ 'ਸ਼ੈਡੋਜ਼ ਆਫ ਦਾ ਮੂਨਲੈਸ ਨਾਈਟ', ਲੰਡਨ ਆਧਾਰਿਤ ਨਿਰਦੇਸ਼ਕ ਸ਼੍ਰੋਮੋਈ ਚੱਕਰਵਰਤੀ ਦੀ ਡਾਕੂਮੈਂਟਰੀ 'ਸਪਿਰਟ ਆਫ਼ ਦਾ ਵਾਈਲਡਫਲਾਵਰ' ਕਾਨਸ ਸਮਾਰੋਹ 'ਚ ਪ੍ਰਦਰਸ਼ਿਤ ਹੋਣਗੀਆਂ |