ਐਬਸਫੋਰਡ, 21 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਪੁਰਾਤਨ ਇਤਿਹਾਸ 'ਚ ਪ੍ਰਵਾਸੀ ਪੰਜਾਬੀਆਂ ਨਾਲ ਹੋਈਆਂ ਨਸਲਵਾਦੀ ਵਧੀਕੀਆਂ ਦੇ ਮੱਦੇਨਜ਼ਰ ਸਿਟੀ ਆਫ਼ ਵੈਨਕੂਵਰ ਵਲੋਂ 'ਗੁਰੂ ਨਾਨਕ ਜਹਾਜ਼ ਨੂੰ ਸਮਰਪਿਤ ਐਲਾਨਨਾਮਾ' ਜਾਰੀ ਕੀਤਾ ਗਿਆ | ਜ਼ਿਕਰਯੋਗ ਹੈ ਕਿ 23 ਮਈ 1914 ਨੂੰ ਗੁਰੂ ਨਾਨਕ ਜਹਾਜ਼ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਪਹੁੰਚਿਆ ਸੀ ਅਤੇ ਦੋ ਮਹੀਨੇ ਨਸਲੀ ਜਬਰ ਮਗਰੋਂ ਜਹਾਜ਼ ਨੂੰ ਨਸਲਵਾਦੀ ਸਰਕਾਰ ਵਲੋਂ ਕੈਨੇਡਾ ਦੀ ਧਰਤੀ ਤੋਂ ਅਣਮਨੁੱਖੀ ਤਸ਼ੱਦਦ ਕਰਦਿਆਂ ਵਾਪਸ ਮੋੜ ਦਿੱਤਾ ਗਿਆ ਸੀ | ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰ੍ਹੇਗੰਢ 'ਤੇ ਸਿਟੀ ਆਫ ਵੈਨਕੂਵਰ ਨੇ 23 ਮਈ ਦੇ ਦਿਹਾੜੇ ਨੂੰ 'ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ' (ਯਾਦਗਾਰੀ ਦਿਹਾੜਾ) ਐਲਾਨਿਆ ਹੈ | ਮੇਅਰ ਕੈਨ ਸਿੰਮ ਵਲੋਂ ਇਹ 'ਪ੍ਰੋਕਲੇਮੇਸ਼ਨ' ਕੌਂਸਲ ਦੀ ਮੀਟਿੰਗ 'ਚ ਰੱਖਿਆ ਗਿਆ, ਜਿਸ ਨੂੰ ਕੌਂਸਲਰਾਂ ਰਿਬੇਕਾ ਬਲਾਈ, ਲੀਸਾ ਡੋਮੀਨਾਟੋ, ਪੀਟ ਫ੍ਰਾਈ, ਸਾਰਾ ਕਰਬੀ-ਯੰਗ, ਮਾਈਕ ਕਲਾਸਨ, ਲੂਸੀ ਮਲੋਨੀ, ਪੀਟਰ ਮਾਈਜ਼ਨਰ, ਬ੍ਰਾਇਨ ਮੌਂਟੇਗਿਊ, ਸ਼ੌਨ ਔਰ, ਲੇਨੀ ਝੋਉ ਤੇ ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੋਂ ਜਸਪ੍ਰੀਤ ਸਿੰਘ ਵਿਰਦੀ ਨੇ ਪੜਿ੍ਹਆ | ਮੇਅਰ ਕੈਨ ਸਿੰਮ ਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਦਾ ਐਲਾਨਨਾਮਾ ਵਿਸ਼ੇਸ਼ ਹੈ | ਇਸ ਮੌਕੇ 'ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ 'ਗੁਰੂ ਨਾਨਕ ਜਹਾਜ਼ : ਸਮਕਾਲੀ ਬਿਰਤਾਂਤ' ਕਿਤਾਬ ਮੇਅਰ ਅਤੇ ਕੌਂਸਲ ਨੂੰ ਭੇਟ ਕੀਤੀ ਅਤੇ ਗੁਰੂ ਨਾਨਕ ਜਹਾਜ਼ ਨਾਂਅ ਬਹਾਲ ਕਰਨ ਦੇ ਉਪਰਾਲੇ ਲਈ ਧੰਨਵਾਦ ਕੀਤਾ | ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪਰਿਵਾਰਾਂ 'ਚੋਂ ਰਾਜ ਸਿੰਘ ਤੂਰ ਨੇ ਵੈਨਕੂਵਰ ਸਿਟੀ ਵਲੋਂ ਐਲਾਨਨਾਮੇ ਅਤੇ ਮੈਮੋਰੀਅਲ ਦੇ ਨਵ ਨਿਰਮਤ 'ਗੁਰੂ ਨਾਨਕ ਜਹਾਜ਼' ਸਾਈਨੇਜ ਲਈ ਸ਼ੁਕਰੀਆ ਅਦਾ ਕੀਤਾ | ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਰਾਜ ਸਿੰਘ ਭੰਡਾਲ ਨੇ ਭਾਵਪੂਰਤ ਸ਼ਬਦਾਂ 'ਚ ਕਿਹਾ ਕਿ ਵੈਨਕੂਵਰ ਸ਼ਹਿਰ ਵਲੋਂ ਗੁਰੂ ਨਾਨਕ ਜਹਾਜ਼ ਨਾਂਅ ਦੀ ਬਹਾਲੀ ਦਾ ਉਪਰਾਲਾ ਮੀਲ ਪੱਥਰ ਹੈ, ਜੋ ਕਿ ਕੈਨੇਡਾ ਦੀ ਫੈਡਰਲ ਮੁਆਫ਼ੀ ਲਈ ਮਾਰਕਦਰਸ਼ਕ ਸਾਬਤ ਹੋਵੇਗਾ | ਇਸ ਮੌਕੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਕਸ਼ਮੀਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਭੱਟੀ, ਸਨਮੁਖ ਸਿੰਘ ਉਪਲ, ਸਿੱਖ ਹੈਰੀਟੇਜ ਵੈਨਕੂਵਰ ਦੇ ਤਾਜ ਸਿੰਘ, ਜੁਗਰਾਜ ਸਿੰਘ ਅਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਤੋਂ ਤਜਿੰਦਰਪਾਲ ਸਿੰਘ ਸਮੇਤ ਵੈਨਕੂਵਰ ਸਿਟੀ ਤੋਂ ਸਹਿਯੋਗੀ ਸ਼ਖਸੀਅਤਾਂ ਆਰੀ ਭੁੱਲਰ, ਪਾਰਕਸ ਬੋਰਡ ਤੋਂ ਅਣਥੱਕ ਸਾਥ ਦੇਣ ਵਾਲੇ ਜਸਪ੍ਰੀਤ ਸਿੰਘ ਵਿਰਦੀ ਹਾਜ਼ਰ ਸਨ | 23 ਮਈ ਸਨਿਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹਰਬਰ ਗਰੀਨ ਪਾਰਕ ਸਮੁੰਦਰੀ ਤੱਟ 'ਤੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ |