ਨਵੀਂ ਦਿੱਲੀ, 27 ਮਈ (ਏਜੰਸੀ)-ਭਾਰਤ ਦੀ ਕਦੇ ਸਭ ਤੋਂ ਸਫ਼ਲ ਮੰਨੀ ਜਾਣ ਵਾਲੀ ਐਡਟੇਕ ਕੰਪਨੀ ਬਾਇਜੂ ਦੇ ਸੰਸਥਾਪਕ ਬਾਇਜੂ ਰਵਿੰਦਰਨ ਨੂੰ ਸਿੰਗਾਪੁਰ ਦੀ ਇਕ ਅਦਾਲਤ ਨੇ ਮਾਣਹਾਨੀ ਦਾ ਦੋਸ਼ੀ ਮੰਨਦੇ ਹੋਏ 6 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ | ਰਵਿੰਦਰਨ ਪਹਿਲਾਂ ਹੀ ਭਾਰੀ ਆਰਥਿਕ ਸੰਕਟ ਤੇ ਵਿਦੇਸ਼ੀ ਨਿਵੇਸ਼ਕਾਂ ਦੇ ਕਾਨੂੰਨੀ ਦਾਅਵਿਆਂ ਦਾ ਸਾਹਮਣਾ ਕਰ ਰਿਹਾ ਹੈ | ਇਹ ਪੂਰਾ ਮਾਮਲਾ ਰਵਿੰਦਰਨ ਦੀਆਂ ਸੰਪੰਤੀਆਂ ਤੇ ਅਦਾਲਤੀ ਆਦੇਸ਼ਾਂ ਦੀ ਅਣਦੇਖੀ ਨਾਲ ਜੁੜਿਆ ਹੋਇਆ ਹੈ | ਸਿੰਗਾਪੁਰ ਦੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਰਵਿੰਦਰਨ ਨੇ ਅਪ੍ਰੈਲ 2024 ਤੋਂ ਆਪਣੀਆਂ ਸੰਪੰਤੀਆਂ ਨਾਲ ਸੰਬੰਧਿਤ ਕਈ ਆਦੇਸ਼ਾਂ ਦੀ ਜਾਣਬੁਝ ਕੇ ਉਲੰਘਣਾ ਕੀਤੀ ਹੈ | ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਹੀ ਉਸ ਨੂੰ ਅਦਾਲਤੀ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ ਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ | ਸਜ਼ਾ ਦੇ ਇਲਾਵਾ ਅਦਾਲਤ ਨੇ ਰਵਿੰਦਰਨ 'ਤੇ ਜੁਰਮਾਨਾ ਵੀ ਲਗਾਇਆ ਹੈ | ਉਸ ਨੂੰ ਕਾਨੂੰਨੀ ਖਰਚ ਵਜੋਂ 90,000 ਸਿੰਗਾਪੁਰ ਡਾਲਰ (ਲਗਪਗ 70,500 ਅਮਰੀਕੀ ਡਾਲਰ) ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ | ਨਾਲ ਹੀ ਅਦਾਲਤ ਨੇ ਉਸ ਨੂੰ ਤਤਕਾਲ ਪ੍ਰਭਾਵ ਨਾਲ ਸੰਬੰਧਿਤ ਅਧਿਕਾਰੀਆਂ ਦੇ ਸਾਹਮਣੇ ਆਤਮ-ਸਮਰਪਣ ਕਰਨ ਨੂੰ ਕਿਹਾ ਹੈ |