ਨਵੀਂ ਦਿੱਲੀ, 27 ਮਈ (ਏਜੰਸੀ)-ਏਅਰ ਇੰਡੀਆ ਦਾ ਇਕ ਜਹਾਜ਼ ਬੁੱਧਵਾਰ ਸਵੇਰੇ ਜੋ ਸਾਨ ਫਰਾਂਸਿਸਕੋ (ਅਮਰੀਕਾ) ਜਾ ਰਿਹਾ ਸੀ, ਹਵਾ 'ਚ ਤਕਰੀਬਨ 8 ਘੰਟੇ ਬਿਤਾਉਣ ਤੋਂ ਬਾਅਦ ਤਕਨੀਕੀ ਖ਼ਰਾਬੀ ਕਾਰਨ ਵਾਪਸ ਦਿੱਲੀ ਪਰਤ ਆਇਆ | ਇਸ ਬੋਇੰਗ 777-300 ਈਆਰ ਜਹਾਜ਼ 'ਚ ਕਰੀਬ 230 ਯਾਤਰੀ ਸਵਾਰ ਸਨ | ਏਅਰਲਾਈਨ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਹੈ ਅਤੇ ਏਅਰ ਇੰਡੀਆ ਦੇ ਸੁਰੱਖਿਆ ਮਾਪਦੰਡਾਂ ਅਨੁਸਾਰ ਇਸ ਦੀ ਤਕਨੀਕੀ ਜਾਂਚ ਕੀਤੀ ਜਾਵੇਗੀ | ਏਅਰਲਾਈਨ ਨੇ ਕਿਹਾ ਕਿ 27 ਮਈ ਨੂੰ ਦਿੱਲੀ ਤੋਂ ਸਾਨ ਫਰਾਂਸਿਸਕੋ ਜਾਣ ਵਾਲੀ ਉਡਾਣ ਏਆਈ173 ਨਿਰਧਾਰਿਤ ਪ੍ਰਕਿਰਿਆਵਾਂ ਤਹਿਤ ਤਕਨੀਕੀ ਖ਼ਰਾਬੀ ਕਾਰਨ ਦਿੱਲੀ ਵਾਪਸ ਆ ਗਈ ਹੈ | ਜਹਾਜ਼ ਨੇ ਉਡਾਣ ਭਰਨ ਦੇ 3 ਘੰਟੇ ਬਾਅਦ ਜਦੋਂ ਉਹ ਚੀਨ ਦੇ ਹਵਾਈ ਖੇਤਰ 'ਚ ਸੀ, ਉਥੋਂ ਹੀ ਵਾਪਸ ਦਿੱਲੀ ਵੱਲ ਮੁੜਨਾ ਸ਼ੁਰੂ ਕਰ ਦਿੱਤਾ ਸੀ | ਯਾਤਰੀਆਂ ਨੂੰ ਹੋਈ ਇਸ ਅਸੁਵਿਧਾ 'ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਏਅਰ ਇੰਡੀਆ ਨੇ ਕਿਹਾ ਕਿ ਉਹ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕਰ ਰਹੀ ਹੈ |