ਸੈਕਰਾਮੈਟੋ, 30 ਮਈ (ਹੁਸਨ ਲੜੋਆ ਬੰਗਾ)-ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 27 ਸਾਲਾ ਭਾਰਤੀ ਨਾਗਰਿਕ ਕਵਨਕੁਮਾਰ ਪਟੇਲ ਨੂੰ ਦੇਹ ਵਪਾਰ ਲਈ ਮਨੁੱਖੀ ਤਸਕਰੀ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ | ਇਹ ਜਾਣਕਾਰੀ ਸੰਘੀ ਵਕੀਲਾਂ ਨੇ ਦਿੱਤੀ ਹੈ | ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸੀਨੀਅਰ ਯੂ.ਐਸ. ਜ਼ਿਲ੍ਹਾ ਜੱਜ ਜੋਸਫ਼ ਐਫ. ਬੈਟੇਲਨ ਨੇ ਹੋਮਲੈਂਡ ਸਿਕਿਓਰਿਟੀ ਟਾਸਕ ਫੋਰਸ ਤੇ ਓਮਾਹਾ ਪੁਲਿਸ ਵਿਭਾਗ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਇਹ ਸਜ਼ਾ ਸੁਣਾਈ | ਇਹ ਮਾਮਲਾ ਜਨਵਰੀ 2025 ਦਾ ਹੈ ਜਦੋਂ ਓਮਾਹਾ ਦੇ ਅਮੈਰੀਕਨ ਹੋਟਲ ਵਿਚ ਜਿਥੇ ਪਟੇਲ ਕੰਮ ਕਰਦਾ ਸੀ, ਅਧਿਕਾਰੀਆਂ ਨੇ 15 ਅਤੇ 16 ਸਾਲ ਦੀਆਂ 2 ਕੁੜੀਆਂ ਨੂੰ ਬਰਾਮਦ ਕੀਤਾ, ਜਿਨ੍ਹਾਂ ਨੂੰ ਹੋਟਲ 'ਚ ਲਿਆਂਦਾ ਗਿਆ ਸੀ | ਪਟੇਲ ਨੇ ਆਪਣਾ ਗੁਨਾਹ ਮੰਨ ਲਿਆ ਸੀ |