ਸੈਕਰਾਮੈਟੋ, 30 ਮਈ (ਹੁਸਨ ਲੜੋਆ ਬੰਗਾ)-ਵਰਜੀਨੀਆ 'ਚ ਇਕ ਹਾਈਵੇਅ 'ਤੇ ਇਕ ਬੱਸ ਕਈ ਹੋਰ ਕਾਰਾਂ ਨਾਲ ਟਕਰਾ ਗਈ | ਜਿਸ ਕਾਰਨ 5 ਲੋਕ ਮਾਰੇ ਗਏ ਤੇ 44 ਤੋਂ ਵੱਧ ਲੋਕ ਜ਼ਖਮੀ ਹੋ ਗਏ | ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸਟੈਫੋਰਡ ਕਾਉਂਟੀ 'ਚ ਇੰਟਰਸਟੇਟ 95 ਉਪਰ ਹੋਇਆ | ਇਹ ਜਾਣਕਾਰੀ ਵਰਜੀਨੀਆ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ 'ਚ ਦਿੱਤੀ ਹੈ | ਜਾਂਚ ਤੋਂ ਪਤਾ ਲੱਗਾ ਹੈ ਕਿ ਸੜਕ 'ਤੇ ਕੰਮ ਹੋ ਰਿਹਾ ਸੀ ਤੇ ਆਵਾਜਾਈ ਹੌਲੀ ਚੱਲ ਰਹੀ ਸੀ ਪਰੰਤੂ ਬੱਸ ਦਾ ਡਰਾਈਵਰ ਬੱਸ ਦੀ ਰਫਤਾਰ ਘਟਾਉਣ ਵਿਚ ਅਸਫਲ ਰਿਹਾ ਤੇ ਬੱਸ ਨੇ ਛੇ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ | ਮਾਰੇ ਗਏ ਪੰਜ ਲੋਕ ਬੱਸ ਨਾਲ ਟਕਰਾਈਆਂ ਕਾਰਾਂ 'ਚ ਸਵਾਰ ਸਨ | ਰਾਜ ਪੁਲਿਸ ਨੇ ਕਿਹਾ ਕਿ 44 ਜ਼ਖਮੀਆਂ ਨੂੰ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਨਾਂ ਵਿੱਚੋਂ ਤਿੰਨ ਗੰਭੀਰ ਜ਼ਖਮੀ ਹਨ | ਪੁਲਿਸ ਅਨੁਸਾਰ ਹਾਦਸੇ ਦੀ ਜਾਂਚ ਚੱਲ ਰਹੀ ਹੈ ਅਤੇ ਘਟਨਾ ਲਈ ਜਿੰਮੇਵਾਰ ਡਰਾਈਵਰ ਵਿਰੁੱਧ ਅਪਰਾਧਕ ਦੋਸ਼ ਲਾਏ ਜਾ ਸਕਦੇ ਹਨ | ਪੁਲਿਸ ਨੇ ਬੱਸ ਦੇ ਡਰਾਈਵਰ ਤੇ ਪੀੜਤਾਂ ਦੇ ਨਾਂ ਜਨਤਿਕ ਨਹੀਂ ਕੀਤੇ ਹਨ |