ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਿਡਨੀ ਵਿਚ 'ਮੇਲਾ ਤੀਆਂ ਦਾ' 'ਤੇ ਲੱਗੀਆਂ ਪੰਜਾਬੀ ਸਭਿਆਚਾਰ ਦੀਆਂ ਰੌਣਕਾਂ 21ਵੇਂ ਤੀਆਂ ਮੇਲੇ ਵਿਚ ਹਜ਼ਾਰਾਂ ਔਰਤਾਂ ਨੇ ਉਤਸ਼ਾਹ ਨਾਲ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 15-06-2026

ਸਿਡਨੀ, 14 ਜੂਨ (ਹਰਕੀਰਤ ਸਿੰਘ ਸੰਧਰ) ਪੰਜਾਬੀ ਵੁਮੈਨ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵੱਲੋਂ ਸਿਡਨੀ ਦੇ ਸਟੈਨਹੋਪ ਗਾਰਡਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  'ਮੇਲਾ ਤੀਆਂ ਦਾ' ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਪੰਜਾਬੀ ਸਭਿਆਚਾਰ, ਰਵਾਇਤਾਂ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਇਸ ਮੇਲੇ ਨੇ ਇੱਕ ਵਾਰ ਫਿਰ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ | ਪ੍ਰਬੰਧਕ ਕਮਲ ਕੌਰ ਅਤੇ ਵਰੁਨ  ਤਿਵਾੜੀ ਨੇ ਦੱਸਿਆ ਕਿ ਇਸ ਮੇਲੇ ਨੂੰ ਲਗਾਤਾਰ 21 ਸਾਲ ਹੋ ਚੁੱਕੇ ਹਨ ਅਤੇ ਹਰ ਸਾਲ ਇਸ ਵਿਚ ਸ਼ਮੂਲੀਅਤ ਕਰਨ ਵਾਲੀਆਂ ਔਰਤਾਂ ਅਤੇ ਪਰਿਵਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਮੇਲਾ ਸਿਡਨੀ ਦੇ ਪੰਜਾਬੀ ਭਾਈਚਾਰੇ ਦੀ ਇੱਕ ਮਹੱਤਵਪੂਰਨ ਸਭਿਆਚਾਰਕ ਪਹਿਚਾਣ ਬਣ ਚੁੱਕਾ ਹੈ | ਮੇਲੇ ਵਿਚ ਪੰਜਾਬੀ ਮੁਟਿਆਰਾਂ ਅਤੇ ਬੀਬੀਆਂ ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਪਹੁੰਚੀਆਂ | ਗਿੱਧਾ, ਬੋਲੀਆਂ, ਲੋਕ-ਗੀਤਾਂ ਅਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਖੂਬ ਰੌਣਕਾਂ ਬਖ਼ਸ਼ੀਆਂ | 'ਮਿਸ ਤੀਆਂ' ਅਤੇ 'ਮਿਸਿਜ਼ ਤੀਆਂ' ਦੇ ਮੁਕਾਬਲੇ ਵੀ ਖ਼ਾਸ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਵਿਚ ਭਾਗ ਲੈਣ ਵਾਲੀਆਂ ਪ੍ਰਤੀ ਯੋਗਣਾਂ ਨੇ ਆਪਣੇ ਹੁਨਰ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ |ਸਮਾਗਮ ਵਿਚ ਨਿਊ ਸਾਊਥ ਵੇਲਜ਼ ਦੇ ਡਿਪਟੀ ਪ੍ਰੀਮੀਅਰ ਮਾਣਯੋਗ ਪਰੋਅ ਕਾਰ , ਸੰਸਦ ਮੈਂਬਰ ਮਿਸ਼ੈਲ ਰੋਲੈਂਡ, ਮਾਣਯੋਗ  ਵਾਰਨ ਕਿਰਬੀ ਅਤੇ ਹੋਰ ਕਈ ਆਗੂਆਂ ਨੇ ਸ਼ਿਰਕਤ ਕਰਕੇ ਪੰਜਾਬੀ ਭਾਈਚਾਰੇ ਦੀਆਂ ਸਭਿਆਚਾਰਕ ਸਰਗਰਮੀਆਂ ਦੀ ਸ਼ਲਾਘਾ ਕੀਤੀ |ਇਸ ਮੌਕੇ ਫੋਕ ਐਡ ਫੰਕ , ਰਿਦਮ ਆਫ਼ ਭੰਗੜਾ, ਨਖਰਾ ਅਤੇ ਹੋਰ ਕਈ ਸਭਿਆਚਾਰਕ ਸੰਸਥਾਵਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਪੰਜਾਬੀ ਸਭਿਆਚਾਰ ਨਾਲ ਸਬੰਧਤ ਚਰਖੇ, ਮਧਾਣੀਆਂ, ਪਰੰਪਰਾਗਤ ਸਾਜ਼ੋ-ਸਾਮਾਨ ਅਤੇ ਹੋਰ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ, ਜਿਸ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕੀਤੀ |ਮੇਲੇ ਵਿਚ ਪੰਜਾਬੀ ਪਹਿਰਾਵੇ, ਤਿਲ੍ਹੇਦਾਰ ਜੁੱਤੀਆਂ, ਗਹਿਣੇ, ਸਿੰਗਾਰ ਸਮੱਗਰੀ ਅਤੇ ਰਵਾਇਤੀ ਪੰਜਾਬੀ ਖਾਣਿਆਂ ਦੇ ਸਟਾਲਾਂ 'ਤੇ ਵੀ ਖ਼ਾਸ ਭੀੜ ਦੇਖਣ ਨੂੰ ਮਿਲੀ |ਸਮਾਗਮ ਦੇ ਅੰਤ ਵਿਚ ਕਮਲ ਕੌਰ ਅਤੇ ਵਰੁਨ ਤਿਵਾੜੀ ਨੇ ਸਮੂਹ ਸਹਿਯੋਗੀਆਂ, ਵਲੰਟੀਅਰਾਂ, ਕਲਾਕਾਰਾਂ ਅਤੇ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਅਜਿਹੇ ਮੇਲੇ ਭਵਿੱਖ ਵਿਚ ਵੀ ਨਿਰੰਤਰ ਕਰਵਾਏ ਜਾਂਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਅਨ ਸਿੱਖ ਗੇਮਸ ਦੀ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਚੋਣ ਦਲਜੀਤ ਸਿੰਘ ਧਾਮੀ ਨੇ ਜਿੱਤੀ ਅਗਲੀ ਖ਼ਬਰ ਦੂਸਰਾ ਸਾਲਾਨਾ ਖੇਡ ਮੇਲੇ ਦੇ ਪੋਸਟਰ ਜਾਰੀ
Ad Position 24
No active advertisement