ਟੋਰਾਂਟੋ, 18 ਜੂਨ (ਸਤਪਾਲ ਸਿੰਘ ਜੌਹਲ)-ਪੰਜਾਬ ‘ਚ ਪਿੰਡ ਨਯਾ ਨੰਗਲ ‘ਚ ਜਨਮੇ ਤੇ ਬਚਪਨ ਵਿਚ ਆਪਣੇ ਮਾਪਿਆਂ ਨਾਲ ਕੈਨੇਡਾ ਗਿਆ ਤਰੁਣ ਬਾਲੀ (29) ਢਾਈ ਕੁ ਸਾਲ ਪਹਿਲਾਂ ਆਪਣੀ ਮਿਹਨਤ ਤੇ ਯੋਗਤਾ ਨਾਲ ਉਂਟਾਰੀ� ਪ੍ਰੋਵਿੰਸ਼ੀਅਲ ਪੁਲਿਸ ਦੇ ਅਫਸਰ ਬਣਿਆ ਸੀ| ਬੀਤੀ 9 ਜੂਨ ਉਹ ਟੋਰਾਂਟੋ ਤੋਂ 1000 ਕੁ ਕਿਲੋਮੀਟਰ ਉੱਤਰ ‘ਚ ਸਥਿਤ ਹਰਸਟ ਕਸਬੇ ਨੇੜੇ ਡਿਊਟੀ ਦੌਰਾਨ ਹਸਪਤਾਲ ਵਿਚੋਂ ਫਰਾਰ ਹੋਏ ਇਕ ਮਾਨਿਸਕ ਰੋਗੀ ਨੇ ਆਪਣੀ ਤੇਜ ਭਜਾਈ ਗੱਡੀ ਨਾਲ ਦਰੜ ਦਿੱਤਾ ਸੀ| ਜਿਸ ਕਾਰਨ ਉਸਦੀ ਮੌਤ ਹੋ ਗਈ| ਤਰੁਣ ਦੀ ਮੌਤ ਦੀ ਖ਼ਬਰ ਨਾਲ ਕੈਨੇਡਾ ਭਰ ਵਿੱਚ ਪੁਲਿਸ ਫੋਰਸਾਂ ਤੇ ਸਰਕਾਰੀ ਅਧਿਕਾਰੀਆਂ ਨੇ ਗਹਿਰੇ ਸਦਮੇ ਦਾ ਪ੍ਰਗਟਾਵਾ ਕੀਤਾ ਅਤੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ| ਉਸ ਦਾ ਅੰਤਿਮ ਸਸਕਾਰ ਅੱਜ ਪੁਲਿਸ ਸਨਮਾਨਾਂ ਨਾਲ ਮਿਸੀਸਾਗਾ ਵਿਖੇ ਕੀਤਾ ਗਿਆ ਹੈ| ਇਸੇ ਦੌਰਾਨ ਬਰੈਂਪਟਨ ਵਿਖੇ ਬੀਤੇ ਕੱਲ੍ਹ ਸਿਟੀ ਕੌਂਸਲ ਦੀ ਮੀਟਿੰਗ ‘ਚ ਤਰੁਣ ਨੂੰ ‘ਸੰਨ ਆਫ ਬਰੈਂਪਟਨ’ ਵਜੋਂ ਸੰਬੋਧਨ ਕਰਦੇ ਹੋਏ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਬਰੈਂਪਟਨ ਤਰੁਣ ਨੂੰ ਕਦੇ ਭੁਲੇਗਾ ਨਹੀਂ| ਸਿਟੀ ਕੌਂਸਲ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ਼ਹਿਰ ਵਿਚ ਇਕ ਪਾਰਕ ਦਾ ਨਾਮ ਤਰੁਣ ਦੇ ਨਾਮ ‘ਤੇ ਰੱਖਣ ਦਾ ਵੀ ਫੈਸਲਾ ਕੀਤਾ ਗਿਆ ਹੈ।