ਨਿਊਯਾਰਕ, 18 ਜੂਨ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਬੁੱਧਵਾਰ ਦੁਪਹਿਰ ਵਾਪਰੇ ਇੱਕ ਦਿਲ ਦਹਿਲਾ ਦੇਣ ਵਾਲੇ ਟਾਂਗੇ (ਘੋੜਾ ਗੱਡੀ )ਦੇ ਹਾਦਸੇ ਵਿੱਚ ਭਾਰਤ ਤੋਂ ਆਏ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਸੈਂਟਰਲ ਪਾਰਕ ਵਿੱਚ ਟਾਂਗੇ (ਘੋੜਾਗੱਡੀ )ਦੀ ਸੈਰ ਦਾ ਆਨੰਦ ਲੈ ਰਿਹਾ ਸੀ। ਰੋਮਾਂਚ ਮਹਾਜਨ ਆਪਣੇ ਮਾਤਾ-ਪਿਤਾ ਦੀਪਕ ਮਹਾਜਨ, ਪ੍ਰਿਆ ਮਹਾਜਨ ਅਤੇ ਛੋਟੇ ਭਰਾ ਨਾਲ ਭਾਰਤ ਤੋਂ ਪਹਿਲੀ ਵਾਰ ਨਿਊਯਾਰਕ ਘੁੰਮਣ ਆਇਆ ਸੀ। ਪਰਿਵਾਰ ਨੇ ਸਟੈਚੂ ਆਫ ਲਿਬਰਟੀ, 9/11 ਮੈਮੋਰੀਅਲ ਅਤੇ ਬਰੋਕਲਿਨ ਬ੍ਰਿਜ ਵਰਗੇ ਪ੍ਰਸਿੱਧ ਸਥਾਨ ਵੇਖਣ ਤੋਂ ਬਾਅਦ ਸੈਂਟਰਲ ਪਾਰਕ ਵਿੱਚ ਟਾਂਗੇ (ਘੋੜਾਗੱਡੀ ) ਦੀ ਸਵਾਰੀ ਕਰਨ ਦਾ ਫੈਸਲਾ ਕੀਤਾ ਸੀ। ਪਰਿਵਾਰ ਦੇ ਮੁਖੀ ਦੀਪਕ ਮਹਾਜਨ ਨੇ ਦੱਸਿਆ ਕਿ ਚੈਰੀ ਹਿੱਲ ਫਾਊਂਟੇਨ ਨੇੜੇ ਟਾਂਗਾ ਚਾਲਕ ਪਰਿਵਾਰ ਦੀ ਤਸਵੀਰ ਖਿੱਚਣ ਲਈ ਗੱਡੀ ਤੋਂ ਹੇਠਾਂ ਉਤਰਿਆ। ਜਿਵੇਂ ਹੀ ਚਾਲਕ ਘੋੜੇ ਤੋਂ ਦੂਰ ਹੋਇਆ, ‘ਸੈਂਪਸਨ’ ਨਾਮ ਦਾ 7 ਸਾਲਾ ਘੋੜਾ ਅਚਾਨਕ ਬੇਕਾਬੂ ਹੋ ਕੇ ਦੌੜ ਪਿਆ। ਦੀਪਕ ਮਹਾਜਨ ਨੇ ਦੱਸਿਆ ਪਰਿਵਾਰ ਮਦਦ ਲਈ ਚੀਕਾਂ ਮਾਰ ਰਿਹਾ ਸੀ। ਇਸ ਦੌਰਾਨ ਜਦੋਂ ਰੋਮਾਂਚ ਦੀ ਮਾਂ ਪ੍ਰਿਆ ਮਹਾਜਨ ਗੱਡੀ ਵਿੱਚੋਂ ਡਿੱਗ ਗਈ, ਤਾਂ ਰੋਮਾਂਚ ਆਪਣੀ ਮਾਂ ਨੂੰ ਬਚਾਉਣ ਲਈ ਤੁਰੰਤ ਗੱਡੀ ਤੋਂ ਛਾਲ ਮਾਰ ਕੇ ਹੇਠਾਂ ਉਤਰਿਆ। ਇਸ ਦੌਰਾਨ ਉਹ ਸੜਕ ‘ਤੇ ਡਿੱਗ ਪਿਆ ਅਤੇ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਉਸ ਨੂੰ ਫੌਰੀ ਤੌਰ ‘ਤੇ ਨਿਊਯਾਰਕ-ਪ੍ਰੈਸਬਿਟੇਰੀਅਨ ਵਾਈਲ ਕਾਰਨੇਲ ਮੈਡੀਕਲ ਸੈਂਟਰ ਲਿਜਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਾ ਬਚਾ ਸਕੇ। ਬਾਕੀ ਪਰਿਵਾਰਕ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਘੋੜਾ-ਗੱਡੀ ਇੱਕ ਹੋਰ ਗੱਡੀ ਨਾਲ ਟਕਰਾ ਕੇ ਪਲਟ ਗਈ ਅਤੇ ਟੁਕੜਿਆਂ ਵਿੱਚ ਟੁੱਟ ਗਈ। ਯੂਨੀਅਨ ਅਧਿਕਾਰੀਆਂ ਨੇ ਮੰਨਿਆ ਕਿ ਡਰਾਈਵਰ ਵੱਲੋਂ ਤਸਵੀਰ ਖਿੱਚਣ ਲਈ ਘੋੜੇ ਨੂੰ ਛੱਡਣਾ ਨਿਯਮਾਂ ਦੇ ਖ਼ਿਲਾਫ਼ ਸੀ। ਚਾਲਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਘੋੜੇ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੋਮਾਂਚ ਦੇ ਪਿਤਾ ਨੇ ਦੱਸਿਆ ਕਿ ਇਹ ਯਾਤਰਾ ਉਸ ਦੇ ਪੁੱਤਰ ਦੇ ਹਾਈ ਸਕੂਲ ਗ੍ਰੈਜੂਏਸ਼ਨ ਦਾ ਜਸ਼ਨ ਮਨਾਉਣ ਲਈ ਰੱਖੀ ਗਈ ਸੀ। ਨਿਊਯਾਰਕ ਪਹੁੰਚਣ ਵਾਲੇ ਦਿਨ ਹੀ ਉਸ ਨੂੰ ਭਾਰਤ ਦੀ ਪ੍ਰਸਿੱਧ ਮਣਿਪਾਲ ਯੂਨੀਵਰਸਿਟੀ ਜੈਪੁਰ ਵਿੱਚ ਦਾਖ਼ਲਾ ਮਿਲਣ ਦੀ ਖੁਸ਼ਖਬਰੀ ਵੀ ਮਿਲੀ ਸੀ। “ਇਸ ਹਾਦਸੇ ਨੇ ਮੇਰੇ ਪੁੱਤਰ ਦੇ ਸਾਰੇ ਸੁਪਨੇ ਖੋਹ ਲਏ,” ਦੀਪਕ ਮਹਾਜਨ ਨੇ ਭਾਵੁਕ ਹੁੰਦੇ ਹੋਏ ਕਿਹਾ। ਇਸ ਘਟਨਾ ਤੋਂ ਬਾਅਦ ਨਿਊਯਾਰਕ ਵਿੱਚ ਸੈਂਟਰਲ ਪਾਰਕ ਦੀਆਂ ਟਾਗਿਆ (ਘੋੜਾ-ਗੱਡੀਆਂ) ਨੂੰ ਬੰਦ ਕਰਨ ਦੀ ਮੰਗ ਮੁੜ ਤੇਜ਼ ਹੋ ਗਈ ਹੈ। ਮੇਅਰ ਜ਼ੋਹਰਾਨ ਮਮਦਾਨੀ ਅਤੇ ਕਈ ਸਿਟੀ ਕੌਂਸਲ ਮੈਂਬਰਾਂ ਨੇ ਇਸ ਦੁਖਦਾਈ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਟਾਂਗੇ (ਘੋੜਾ-ਗੱਡੀ) ਉਦਯੋਗ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਇਹ ਹਾਦਸਾ ਉਸ ਘਟਨਾ ਤੋਂ ਕੇਵਲ ਇੱਕ ਹਫ਼ਤੇ ਬਾਅਦ ਵਾਪਰਿਆ ਹੈ ਜਦੋਂ ‘ਡੇਨਿਜ਼’ ਨਾਮਕ ਇੱਕ ਘੋੜੇ ਦੀ ਸੈਂਟਰਲ ਪਾਰਕ ਵਿੱਚ ਜ਼ਹਿਰੀਲਾ ਪੌਦਾ ਖਾਣ ਕਾਰਨ ਮੌਤ ਹੋ ਗਈ ਸੀ। ਇਸ ਤਾਜ਼ਾ ਹਾਦਸੇ ਤੋਂ ਬਾਅਦ ਟਾਗਿਆ (ਘੋੜਾ-ਗੱਡੀਆਂ )ਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਪਹਿਲਾਂ ਹੀ ਸੈਂਟਰਲ ਪਾਰਕ ਵਿੱਚ ਟਾਗਿਆ (ਘੋੜਾ-ਗੱਡੀਆਂ) ਨੂੰ ਹਟਾਉਣ ਦੇ ਹੱਕ ਵਿੱਚ ਆਪਣਾ ਪੱਖ ਰੱਖ ਚੁੱਕੇ ਹਨ।