ਨਿਊਯਾਰਕ, 18 ਜੂਨ (ਰਾਜੂ ਸਹਿਬਾਜਪੁਰਾ)-ਐਨ.ਬੀ.ਏ. ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਨਿਊਯਾਰਕ ਨਿਕਸ ਟੀਮ ਦੇ ਸਨਮਾਨ ‘ਚ ਵੀਰਵਾਰ ਨੂੰ ਮੈਨਹੈਟਨ ਦੇ ਬਰਾਡਵੇ ‘ਤੇ ਸ਼ਾਨਦਾਰ ਟਿਕਰ-ਟੇਪ ਪਰੇਡ ਕੱਢੀ ਗਈ। ਕਰੀਬ 53 ਸਾਲਾਂ ਬਾਅਦ ਨਿਕਸ ਨੇ ਖਿਤਾਬ ਜਿੱਤਿਆ ਹੈ, ਜਿਸ ਕਾਰਨ ਨਿਊਯਾਰਕ ਵਾਸੀਆਂ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ|ਸਵੇਰੇ ਤੜਕੇ ਤੋਂ ਹੀ ਹਜ਼ਾਰਾਂ ਪ੍ਰਸ਼ੰਸਕ ਬੈਟਰੀ ਪਾਰਕ ਤੋਂ ਲੈ ਕੇ ਸਿਟੀ ਹਾਲ ਤੱਕ ਪਰੇਡ ਰੂਟ ਦੇ ਦੋਵੇਂ ਪਾਸਿਆਂ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ| ਕਈ ਲੋਕਾਂ ਨੇ ਵਧੀਆ ਥਾਂ ਹਾਸਲ ਕਰਨ ਲਈ ਸੈਂਕੜੇ ਡਾਲਰ ਤੱਕ ਖਰਚ ਕੀਤੇ| ਦੁਪਹਿਰ ਤੱਕ ਨੀਲੇ ਅਤੇ ਸੰਤਰੀ ਰੰਗ ਦੀਆਂ ਜਰਸੀਆਂ ਨਾਲ ਪੂਰਾ ਲੋਅਰ ਮੈਨਹੈਟਨ ਰੰਗਿਆ ਹੋਇਆ ਦਿਖਾਈ ਦਿੱਤਾ| ਸ਼ਹਿਰੀ ਅਧਿਕਾਰੀਆਂ ਅਨੁਸਾਰ ਪਰੇਡ ਅਤੇ ਜਸ਼ਨਾਂ ਦੌਰਾਨ ਲੱਖਾਂ ਲੋਕਾਂ ਦੀ ਭੀੜ ਮੌਜੂਦ ਰਹੀ| ਨਿਊਯਾਰਕ ਦੀਆਂ ਵੱਡੀਆਂ ਟਿਕਰ-ਟੇਪ ਪਰੇਡਾਂ ਵਿੱਚ ਆਮ ਤੌਰ ‘ਤੇ 10 ਲੱਖ ਤੋਂ ਵੱਧ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਸ ਵਾਰ ਵੀ ਭੀੜ ਇਤਿਹਾਸਕ ਮੰਨੀ ਜਾ ਰਹੀ ਹੈ| ਟੀਮ ਦੇ ਕਪਤਾਨ ਜੈਲਨ ਬਰੰਸਨ, ਕਾਰਲ-ਐਂਥਨੀ ਟਾਊਨਜ਼, �ਜੀ ਅਨੂਨੋਬੀ ਅਤੇ ਹੋਰ ਖਿਡਾਰੀਆਂ ਨੇ ਖੁੱਲਿਆਂ ਬੱਸਾਂ ਅਤੇ ਫਲੋਟਾਂ ਤੋਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ| ਬਰੰਸਨ ਐਨ.ਬੀ.ਏ. ਚੈਂਪੀਅਨਸ਼ਿਪ ਟਰਾਫੀ ਨਾਲ ਪੈਦਲ ਚੱਲਦੇ ਹੋਏ ਨਜ਼ਰ ਆਏ| ਸਿਟੀ ਹਾਲ ਵਿਖੇ ਮੇਅਰ ਜ਼ੋਹਰਾਨ ਮਮਦਾਨੀ ਨੇ ਟੀਮ ਨੂੰ ਸ਼ਹਿਰ ਦੀ ਚਾਬੀ ਭੇਟ ਕੀਤੀ| ਮਮਦਾਨੀ ਖੁਦ ਵੀ ਪਰੇਡ ਵਿੱਚ ਸ਼ਾਮਲ ਹੋਏ ਅਤੇ ਨਿਕਸ ਦੀ ਜਰਸੀ ਪਹਿਨ ਕੇ ਖਿਡਾਰੀਆਂ ਦਾ ਸਵਾਗਤ ਕੀਤਾ| ਵੱਡੀ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ| ਨਿਊਯਾਰਕ ਪੁਲਿਸ ਵਿਭਾਗ ਨੇ 10,000 ਤੋਂ ਵੱਧ ਪੁਲਿਸ ਅਧਿਕਾਰੀ ਤਾਇਨਾਤ ਕੀਤੇ, ਜੋ ਕਿਸੇ ਯੋਜਨਾਬੱਧ ਸਮਾਗਮ ਲਈ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤਾਇਨਾਤੀ ਦੱਸੀ ਜਾ ਰਹੀ ਹੈ| ਨਿਕਸ ਦੀ ਇਸ ਇਤਿਹਾਸਕ ਜਿੱਤ ਨਾਲ ਨਿਊਯਾਰਕ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਈ ਪ੍ਰਸ਼ੰਸਕਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਖੇਡ ਸਮਾਗਮ ਕਰਾਰ ਦਿੱਤਾ|