ਨਿਊਯਾਰਕ, 24 ਜੂਨ (ਰਾਜੂ ਸਹਿਬਾਜ਼ਪੁਰਾ ) – ਈਰਾਨ ਨਾਲ ਜੰਗਬੰਦੀ ਸਮਝੌਤੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਧਿਆਨ ਮੁੜ ਦੇਸ਼ ਦੀ ਆਰਥਿਕਤਾ ਅਤੇ ਆਉਣ ਵਾਲੀਆਂ ਮੱਧਕਾਲੀ ਚੋਣਾਂ ਵੱਲ ਕੇਂਦਰਿਤ ਕਰ ਦਿੱਤਾ ਹੈ। ਮੰਗਲਵਾਰ ਨੂੰ ਉਹ ਪੈਨਸਿਲਵੇਨੀਆ ਦੇ ਮੈਕੰਗੀ ਸ਼ਹਿਰ ਵਿਚ ਸਥਿਤ ਮੈਕ ਟਰੱਕਸ ਫੈਕਟਰੀ ਪਹੁੰਚੇ, ਜਿੱਥੇ ਉਨ੍ਹਾਂ ਨੇ ਅਮਰੀਕੀ ਉਦਯੋਗ, ਨੌਕਰੀਆਂ ਅਤੇ ਆਰਥਿਕ ਵਿਕਾਸ ਨੂੰ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ। ਟਰੰਪ ਦਾ ਇਹ ਦੌਰਾ ਉਸ ਸਮੇਂ ਹੋਇਆ ਹੈ ਜਦੋਂ ਈਰਾਨ ਨਾਲ ਟਕਰਾਅ ਕਾਰਨ ਵਧੀਆਂ ਗੈਸ ਕੀਮਤਾਂ ਅਤੇ ਆਰਥਿਕ ਚਿੰਤਾਵਾਂ ਮਿਡਟਰਮ ਚੋਣਾਂ ਤੋਂ ਪਹਿਲਾਂ ਵੋਟਰਾਂ ਦੇ ਮੁੱਖ ਮੁੱਦੇ ਬਣੇ ਹੋਏ ਹਨ। ਪੈਨਸਿਲਵੇਨੀਆ ਅਮਰੀਕਾ ਦਾ ਇੱਕ ਅਹਿਮ ਸਵਿੰਗ ਸਟੇਟ ਮੰਨਿਆ ਜਾਂਦਾ ਹੈ, ਜਿਸ ਨੇ 2016 ਅਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਫੈਕਟਰੀ ਵਿੱਚ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ, “ਇੱਕ ਸਦੀ ਤੋਂ ਵੱਧ ਸਮੇਂ ਤੋਂ ਇਹ ਕੰਪਨੀ ਪੂਰਬੀ ਪੈਨਸਿਲਵੇਨੀਆ ਵਿਚ ਟਰੱਕ ਤਿਆਰ ਕਰ ਰਹੀ ਹੈ ਅਤੇ ਅਮਰੀਕੀ ਆਰਥਿਕਤਾ ਨੂੰ ਅੱਗੇ ਵਧਾ ਰਹੀ ਹੈ।” ਉਨ੍ਹਾਂ ਨੇ ਅਮਰੀਕੀ ਮਜ਼ਦੂਰਾਂ ਅਤੇ ਨਿਰਮਾਣ ਖੇਤਰ ਨੂੰ ਆਪਣੀ ਸਰਕਾਰ ਦੀ ਤਰਜੀਹ ਦੱਸਿਆ। ਹਾਲਾਂਕਿ ਭਾਸ਼ਣ ਦੌਰਾਨ ਟਰੰਪ ਨੇ ਆਰਥਿਕਤਾ ਨਾਲੋਂ ਵੱਧ ਸਮਾਂ ਆਪਣੀਆਂ ਪੁਰਾਣੀਆਂ ਰਾਜਨੀਤਿਕ ਲੜਾਈਆਂ, ਦੱਖਣੀ ਸਰਹੱਦ, ਇਮੀਗ੍ਰੇਸ਼ਨ ਅਤੇ ਸਮਾਜਿਕ ਮੁੱਦਿਆਂ ’ਤੇ ਬੋਲਣ ਵਿਚ ਲਗਾਇਆ। ਉਨ੍ਹਾਂ ਨੇ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰਾਂ ਦੀ ਜਿੱਤ ਦੀ ਅਪੀਲ ਕਰਦਿਆਂ ਕਿਹਾ, “ਸਾਨੂੰ ਇਹ ਚੋਣਾਂ ਜਿੱਤਣੀਆਂ ਹੀ ਪੈਣਗੀਆਂ। ਇਸ ਦੌਰੇ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਸੀ ਕਿ ਫੈਕਟਰੀ ਜਿਸ ਹਲਕੇ ਵਿਚ ਸਥਿਤ ਹੈ, ਉੱਥੇ ਰਿਪਬਲਿਕਨ ਸੰਸਦ ਮੈਂਬਰ ਰਿਆਨ ਮੈਕੈਂਜ਼ੀ ਅਤੇ ਡੈਮੋਕ੍ਰੈਟ ਉਮੀਦਵਾਰ ਬੌਬ ਬਰੂਕਸ ਵਿਚਾਲੇ ਨਵੰਬਰ ਵਿਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਮੈਕੈਂਜ਼ੀ ਦੇ ਹੱਕ ਵਿੱਚ ਖੁੱਲ੍ਹ ਕੇ ਪ੍ਰਚਾਰ ਵੀ ਕੀਤਾ।