ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੋਚਡੇਲ ਗਰੂਮਿੰਗ ਗੈਂਗ ਦੇ ਸਰਗਣਾ ਨੂੰ ਪਾਕਿਸਤਾਨ ਭੇਜਣ ਲਈ ਹਰਕਤ ਵਿਚ ਆਈ ਬਰਤਾਨੀਆ ਸਰਕਾਰ

Ad Position 21
No active advertisement
ਅਜੀਤ ਡੈਸਕ 04-07-2026
ਲੈਸਟਰ (ਇੰਗਲੈਂਡ), 3 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਰੋਚਡੇਲ ਗਰੂਮਿੰਗ ਗੈਂਗ ਦੇ ਸਰਗਣਾ ਸ਼ਬੀਰ ਅਹਿਮਦ ਨੂੰ ਪਾਕਿਸਤਾਨ ਭੇਜਣ ਦੇ ਮਾਮਲੇ ਵਿਚ ਬਰਤਾਨੀਆ ਸਰਕਾਰ ਸਰਗਰਮ ਹੋ ਗਈ ਹੈ। ਬਰਤਾਨਵੀ ਅਧਿਕਾਰੀਆਂ ਨੇ ਪਾਕਿਸਤਾਨ ਸਰਕਾਰ ਨਾਲ ਇਸ ਮਾਮਲੇ ’ਤੇ ਰਸਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ ਸ਼ਬੀਰ ਅਹਿਮਦ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕੇ। ਸਾਲ 2012 ’ਚ ਰੋਚਡੇਲ ਗਰੂਮਿੰਗ ਗੈਂਗ ਦੇ ਨੌਂ ਮੈਂਬਰਾਂ ਨੂੰ ਕਈ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਵਿਚ ਗੈਂਗ ਦਾ ਸਰਗਣਾ ਸ਼ਬੀਰ ਅਹਿਮਦ ਵੀ ਸ਼ਾਮਲ ਸੀ, ਜਿਸ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਇਸ ਹਫ਼ਤੇ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਸ਼ਬੀਰ ਅਹਿਮਦ ਕੋਲ ਬਰਤਾਨਵੀ ਤੇ ਪਾਕਿਸਤਾਨੀ ਦੋਹਰੀ ਨਾਗਰਿਕਤਾ ਸੀ। ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਦੀ ਬਰਤਾਨਵੀ ਨਾਗਰਿਕਤਾ ਖਤਮ ਕਰ ਦਿੱਤੀ ਗਈ ਸੀ ਅਤੇ ਉਮੀਦ ਸੀ ਕਿ ਸਜ਼ਾ ਪੂਰੀ ਹੋਣ ਉਪਰੰਤ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ। ਪਰ ਪੀੜਤਾਂ ਨੂੰ ਦੱਸਿਆ ਗਿਆ ਕਿ ਇਮੀਗ੍ਰੇਸ਼ਨ ਐਕਟ 1971 ਦੀ ਇਕ ਧਾਰਾ ਇਸ ਵਿੱਚ ਕਾਨੂੰਨੀ ਰੁਕਾਵਟ ਬਣ ਰਹੀ ਹੈ। ਇਸ ਕਾਨੂੰਨ ਤਹਿਤ 1973 ਤੋਂ ਪਹਿਲਾਂ ਬਰਤਾਨੀਆ ਆਏ ਕੁਝ ਰਾਸ਼ਟਰਮੰਡਲ ਨਾਗਰਿਕਾਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਇਸ ਮਾਮਲੇ ਨੇ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ। ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਗ੍ਰਹਿ ਸਕੱਤਰ ਨੂੰ ਮਾਮਲੇ ਦੀ ਤੁਰੰਤ ਸਮੀਖਿਆ ਕਰਨ ਅਤੇ ਸਾਰੇ ਕਾਨੂੰਨੀ ਵਿਕਲਪਾਂ ’ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਹੁਣ ਸੰਸਦ ਵਿਚ ਵਿਚਾਰ ਅਧੀਨ ਇਮੀਗ੍ਰੇਸ਼ਨ ਅਤੇ ਸ਼ਰਨ ਬਿੱਲ ਵਿੱਚ ਸੋਧ ਕਰਕੇ ਇਸ ਕਾਨੂੰਨੀ ਰੁਕਾਵਟ ਨੂੰ ਦੂਰ ਕਰਨ ਦੀ ਸੰਭਾਵਨਾ ਵੀ ਖੰਗਾਲ ਰਹੀ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨੀ ਅਧਿਕਾਰੀਆਂ ਕੋਲ ਉਠਾਇਆ ਜਾ ਚੁੱਕਾ ਹੈ ਅਤੇ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਬਰਤਾਨੀਆ ਤੋਂ ਬਾਹਰ ਭੇਜਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਸੰਬੰਧਤ ਦੇਸ਼ ਦੀ ਸਹਿਮਤੀ ਲਾਜ਼ਮੀ ਹੁੰਦੀ ਹੈ ਅਤੇ ਇਹ ਕਾਨੂੰਨੀ ਤੇ ਕੂਟਨੀਤਕ ਤੌਰ ‘ਤੇ ਕਾਫ਼ੀ ਗੁੰਝਲਦਾਰ ਪ੍ਰਕਿਰਿਆ ਹੈ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਸ਼ਬੀਰ ਅਹਿਮਦ ਇਸ ਵੇਲੇ 24 ਘੰਟੇ ਨਿਗਰਾਨੀ ਵਾਲੇ ਰਿਹਾਇਸ਼ੀ ਕੇਂਦਰ ਵਿੱਚ ਰਹਿ ਰਿਹਾ ਹੈ ਅਤੇ ਉਸ ਨੂੰ ਜੀਪੀਐੱਸ ਇਲੈਕਟ੍ਰਾਨਿਕ ਟੈਗ ਲਗਾਇਆ ਗਿਆ ਹੈ। ਉਸ ‘ਤੇ ਸਖ਼ਤ ਲਾਇਸੈਂਸ ਸ਼ਰਤਾਂ ਲਾਗੂ ਹਨ ਅਤੇ ਕਿਸੇ ਵੀ ਸ਼ਰਤ ਦੀ ਉਲੰਘਣਾ ਹੋਣ ‘ਤੇ ਉਸ ਨੂੰ ਤੁਰੰਤ ਮੁੜ ਜੇਲ੍ਹ ਭੇਜਿਆ ਜਾ ਸਕਦਾ ਹੈ। ਦੂਜੇ ਪਾਸੇ, ਰੋਚਡੇਲ ਗੈਂਗ ਦੀਆਂ ਪੀੜਤਾਂ ਨੇ ਸ਼ਬੀਰ ਅਹਿਮਦ ਦੀ ਰਿਹਾਈ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਅਜੇ ਵੀ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਅਤੇ ਦੋਸ਼ੀ ਦੀ ਰਿਹਾਈ ਨੇ ਪੁਰਾਣੇ ਜ਼ਖ਼ਮ ਮੁੜ ਹਰੇ ਕਰ ਦਿੱਤੇ ਹਨ। ਇਸ ਮਾਮਲੇ ’ਤੇ ਨਵੇਂ ਪ੍ਰਧਾਨ ਮੰਤਰੀ ਬਣਨ ਦੇ ਮਜ਼ਬੂਤ ਦਾਅਵੇਦਾਰ ਐਂਡੀ ਬਰਨਹੈਮ ਨੇ ਵੀ ਸ਼ਬੀਰ ਅਹਿਮਦ ਨੂੰ ਪਾਕਿਸਤਾਨ ਭੇਜਣ ਦੀ ਮੰਗ ਕੀਤੀ ਹੈ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਦੇ ਸ਼ੈਡੋ ਗ੍ਰਹਿ ਸਕੱਤਰ ਕ੍ਰਿਸ ਫਿਲਿਪ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਆਪਣੇ ਨਾਗਰਿਕ ਨੂੰ ਵਾਪਸ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਬਰਤਾਨੀਆ ਨੂੰ ਪਾਕਿਸਤਾਨ ਲਈ ਦਿੱਤੀ ਜਾਣ ਵਾਲੀ ਵਿਦੇਸ਼ੀ ਸਹਾਇਤਾ ‘ਤੇ ਵੀ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰੋਚਡੇਲ ਗਰੂਮਿੰਗ ਗੈਂਗ ਮਾਮਲਾ ਬਰਤਾਨੀਆ ਦੇ ਸਭ ਤੋਂ ਚਰਚਿਤ ਜਿਨਸੀ ਸ਼ੋਸ਼ਣ ਮਾਮਲਿਆਂ ਵਿੱਚੋਂ ਇੱਕ ਰਿਹਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਗੈਂਗ ਨੇ ਸਾਲਾਂ ਤੱਕ ਨਾਬਾਲਗ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ, ਜਦਕਿ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਨੂੰ ਲੈ ਕੇ ਵੀ ਬਾਅਦ ਵਿੱਚ ਸਖ਼ਤ ਆਲੋਚਨਾ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕਵੈਂਟਰੀ ਵਲੋਂ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ ਅਗਲੀ ਖ਼ਬਰ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਦੌਰਾਨ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਯਾਦਗ...
Ad Position 24
No active advertisement