ਲੰਡਨ, 3 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਲਿਖਾਰੀ ਸਭਾ ਕਵੈਂਟਰੀ ਵਲੋਂ 26ਵਾਂ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 125 ਕਲਮਕਾਰਾਂ ਅਤੇ ਸਰੋਤਿਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨਾਉਣ ਤੋਂ ਬਾਅਦ ਵਿੱਛੜ ਗਏ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ ਗਈ। ਉਪਰੰਤ ਰੇਡੀਓ ਪੰਜ ਅਤੇ ਲਿਖਾਰੀ ਸਭਾ ਵਲੋਂ ਤਿਆਰ ਕਰਵਾਈ ਗਈ, ਕਵੈਂਟਰੀ ਅਤੇ ਆਸ-ਪਾਸ ਦੇ 50 ਕਲਮਕਾਰਾਂ ਦੀ “ਕਲਮਾਂ ਦੀ ਸਾਂਝ” ਨਾਮੀਂ ਪੁਸਤਕ ਬਾਰੇ ਉੱਘੇ ਲਿਖਾਰੀ ਦਰਸ਼ਨ ਬੁਲੰਦਵੀ ਵਲੋਂ ਸੰਖੇਪ ਜਾਣਕਾਰੀ ਦਿੱਤੀ ਗਈ। ਸਭਾ ਵਲੋਂ ਆਪਣੀ ਪੁਰਾਣੀ ਰੀਤ ਨੂੰ ਬਰਕਰਾਰ ਰੱਖਦਿਆਂ ਦੋ ਗੀਤਕਾਰਾਂ ਨੂੰ ਸਨਮਾਨਿਆਂ ਗਿਆ। ਮਸ਼ਹੂਰ ਗੀਤਕਾਰ ਚੰਨ ਜੰਡਿਆਲਵੀ ਬਾਰੇ ਬਲਦੇਵ ਮਸਤਾਨਾ ਵਲੋਂ ਸਰੋਤਿਆਂ ਨੂੰ ਜਾਣੂ ਕਰਵਾਇਆ ਗਿਆ, ਕਵੈਂਟਰੀ ਸ਼ਹਿਰ ਦੇ ਹੋਣਹਾਰ ਗੀਤਕਾਰ ਸੋਹਣ ਭੂਖੜੀਵਾਲ਼ਾ ਬਾਰੇ ਕੁਲਵੰਤ ਸਿੰਘ ਢੇਸੀ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਨ੍ਹਾਂ ਨੂੰ ਯਾਦਗਰੀ ਚਿੰਨ ਅਤੇ ਫੁਲਕਾਰੀਆਂ ਨਾਲ਼ ਸਨਮਾਨਿਆਂ ਗਿਆ। ਉਪਰੰਤ ਸਭਾ ਦੇ ਸਕੱਤਰ ਸੰਤੋਖ ਸਿੰਘ ਹੇਅਰ ਦੀ ਲਿਖੀ ਕਹਾਣੀ “ਹਰਾ ਚੂੜਾ” ’ਤੇੇ ਅਧਾਰਤ ਬਣੀ ਲਘੂ ਫਿਲਮ ਦਿਖਾ ਕੇ ਆਏ ਮਹਿਮਾਨਾ ਦਾ ਮੰਨੋਰੰਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਦਰਸ਼ਨ ਬੁਲੰਦਵੀ, ਜਸਵਿੰਦਰ ਮਾਨ, ਸਰਬਜੀਤ ਢੱਕ, ਜਗਤ ਸਿੰਘ ਨਾਗਰਾ, ਕੁਲਵੰਤ ਸਿੰਘ ਢੇਸੀ, ਬਲਦੇਵ ਮਸਤਾਨਾ ਵਿਰਾਜਮਾਨ ਹੋਏ। ਸਟੇਜ ਦੀ ਕਾਰਵਾਈ ਸੁਰਿੰਦਰਪਾਲ ਵਲੋਂ ਬਾਖੂਬ ਨਿਭਾਈ ਗਈ। ਸਮਾਗਮ ਦੇ ਦੂਸਰੇ ਭਾਗ ਵਿੱਚ ਕਰਵਾਏ ਵਿਸ਼ਾਲ ਕਵੀ ਦਰਬਾਰ ਵਿੱਚ 46 ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਨੂੰ ਬੰਨ੍ਹ ਕੇ ਬਿਠਾਈ ਰੱਖਿਆ। ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਨਾਬ ਤੇਈਆਬ ਜ਼ਿਲਾਨੀ ਦੀ ਬਾ-ਕਮਾਲ ਸ਼ਾਇਰੀ ਅਤੇ ਅਦਾਇਗੀ ਨੇ ਮੁਸ਼ਾਹਿਰਾ ਲੁੱਟ ਕੇ ਧੰਨ-ਧੰਨ ਕਰਵਾ ਦਿੱਤੀ। ਡਾ. ਮਹਿੰਦਰ ਰਾਏ ਦੀ ਅੰਗਰੇਜ਼ੀ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀ ਕਿਤਾਬ “ਮਹਾਰਾਜਾ ਰਣਜੀਤ ਸਿੰਘ ਕਰੋਨੀਕਲਸ ਆਫ ਦਾ ਸਿੱਖ ਇੰਪਾਇਰਜ਼”, ਸੁਖਦੇਵ ਬਾਂਸਲ ਦੀ “ਜੋਤਿ ਸਰੂਪ ਦਾ ਸਫਰ” ਅਤੇ ਹੋਰ ਪੁਸਤਕਾਂ ਦੇ ਨਾਲ਼-ਨਾਲ਼ ਮਸ਼ਹੂਰ ਚਿੱਤਰਕਾਰ ਜਤਿੰਦਰ ਪੱਤੜ ਵਲੋ ਸਭਾ ਦੇ ਪ੍ਰਧਾਨ ਦਵਿੰਦਰ ਨੌਰਾ ਅਤੇ ਡਾ. ਮਹਿੰਦਰ ਗਿੱਲ ਦੇ ਬਣਾਏ ਖੂਬਸੂਰਤ ਚਿੱਤਰ ਭੇਂਟ ਕੀਤੇ ਗਏ। ਕਵੀ ਦਰਬਾਰ ਦੀ ਪ੍ਰਧਾਨਗੀ ਅਮਨਦੀਪ ਗਲਾਸਗੋ, ਗੁਰਜੀਤ ਤੱਖਰ, ਸੁਖਦੇਵ ਬਾਂਸਲ, ਰੂਪ ਦਵਿੰਦਰ ਨਾਹਲ, ਸੁਰਿੰਦਰ ਕੋਰ ਅਟਵਾਲ ਅਤੇ ਸੋਨੀਆਂ ਪਾਲ ਨੇ ਕੀਤੀ।ਸਟੇਜ ਦੀ ਕਾਰਵਾਈ ਸੰਤੋਖ ਸਿੰਘ ਹੇਅਰ ਅਤੇ ਅਮਨਦੀਪ ਧਾਲ਼ੀਵਾਲ ਨੇ ਨਿਭਾਈ।