ਲੈਸਟਰ (ਇੰਗਲੈਂਡ), 3 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਨੈਸ਼ਨਲ ਕਰਾਈਮ ਏਜੰਸੀ (ਐਨ.ਸੀ.ਏ.) ਨੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਨ੍ਹਾਂ ਨਾਲ ਜਬਰ-ਜਨਾਹ ਕਰਨ ਲਈ ਉਕਸਾਉਣ ਵਾਲੇ ਆਨਲਾਈਨ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਘੱਟੋ-ਘੱਟ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਏਜੰਸੀ ਨੇ ਅਜਿਹੇ 270 ਸ਼ੱਕੀ ਲੋਕਾਂ ਦੀ ਪਛਾਣ ਕੀਤੀ ਹੈ, ਜੋ ਇਨ੍ਹਾਂ ਆਨਲਾਈਨ ਮੰਚਾਂ ਨਾਲ ਜੁੜੇ ਹੋਏ ਸਨ। ਐਨ.ਸੀ.ਏ. ਅਨੁਸਾਰ ਇਹ ਮਾਮਲੇ ਫਰਾਂਸ ਦੀ ਮਹਿਲਾ ਗਿਜ਼ੇਲ ਪੈਲੀਕੋ ਦੇ ਬਹੁਚਰਚਿਤ ਕੇਸ ਨਾਲ ਮਿਲਦੇ-ਜੁਲਦੇ ਹਨ, ਜਿਸ ਵਿੱਚ ਉਸ ਦੇ ਪਤੀ ਨੇ ਸਾਲਾਂ ਤੱਕ ਉਸ ਨੂੰ ਨਸ਼ੀਲੀ ਦਵਾਈ ਦੇ ਕੇ ਬੇਹੋਸ਼ ਕੀਤਾ ਅਤੇ ਹੋਰ ਮਰਦਾਂ ਨੂੰ ਉਸ ਨਾਲ ਜਬਰ-ਜਨਾਹ ਕਰਨ ਲਈ ਸੱਦਾ ਦਿੱਤਾ ਸੀ। ਐਨ.ਸੀ.ਏ. ਦੇ ਡਿਪਟੀ ਡਾਇਰੈਕਟਰ ਨਾਈਜਲ ਲੀਅਰੀ ਨੇ ਕਿਹਾ ਕਿ ਨਸ਼ੀਲਾ ਪਦਾਰਥ ਦੇ ਕੇ ਕੀਤੇ ਜਾਣ ਵਾਲੇ ਜਿਨਸੀ ਅਪਰਾਧ ਹੁਣ ਇਕੱਲੀਆਂ ਘਟਨਾਵਾਂ ਨਹੀਂ ਰਹੇ, ਸਗੋਂ ਇਹ ਇੱਕ ਸੰਗਠਿਤ ਅਪਰਾਧਿਕ ਰੁਝਾਨ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਸਰ ਇਹ ਅਪਰਾਧ ਪੀੜਤਾ ਦੇ ਆਪਣੇ ਜੀਵਨ ਸਾਥੀ ਜਾਂ ਲੰਬੇ ਸਮੇਂ ਦੇ ਸਾਥੀ ਵੱਲੋਂ ਕੀਤੇ ਜਾਂਦੇ ਹਨ ਅਤੇ ਕਈ ਵਾਰ ਇਹ ਸਾਲਾਂ ਜਾਂ ਦਹਾਕਿਆਂ ਤੱਕ ਜਾਰੀ ਰਹਿੰਦੇ ਹਨ। ਐਨ.ਸੀ.ਏ. ਨੇ ਦੱਸਿਆ ਕਿ ਅਕਤੂਬਰ 2025 ਤੋਂ ਹੁਣ ਤੱਕ ਇੱਕ ਮੁੱਖ ਆਨਲਾਈਨ ਫੋਰਮ ਅਤੇ ਇਸ ਨਾਲ ਜੁੜੀਆਂ ਹੋਰ ਵੈੱਬਸਾਈਟਾਂ ਦੀ ਜਾਂਚ ਦੌਰਾਨ ਇਹ 270 ਸ਼ੱਕੀ ਵਿਅਕਤੀ ਸਾਹਮਣੇ ਆਏ ਹਨ। ਇਸ ਸਬੰਧੀ ਮਿਲੇ ਸਬੂਤ ਵਿਦੇਸ਼ੀ ਜਾਂਚ ਏਜੰਸੀਆਂ ਨਾਲ ਵੀ ਸਾਂਝੇ ਕੀਤੇ ਗਏ ਹਨ। ਫਿਲਹਾਲ 14 ਅਪਰਾਧਿਕ ਜਾਂਚਾਂ ਚੱਲ ਰਹੀਆਂ ਹਨ ਅਤੇ 8 ਪੀੜਤ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਐਨਸੀਏ ਨੇ ਅਭਿਯੋਗ ਪੱਖ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਪੀੜਤਾਂ ਦੀ ਪਛਾਣ ਅਤੇ ਮਦਦ ਲਈ ਸਾਂਝਾ ਪ੍ਰਬੰਧ ਵੀ ਬਣਾਇਆ ਹੈ। ਹਾਲ ਹੀ ਵਿੱਚ ਲੰਡਨ ਵਿੱਚ ਬਰਾਜ਼ੀਲ, ਕੈਨੇਡਾ, ਫਰਾਂਸ, ਹੰਗਰੀ, ਨੀਦਰਲੈਂਡ, ਸਪੇਨ ਅਤੇ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਸ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ 150 ਤੋਂ ਵੱਧ ਸ਼ੱਕੀ ਅਪਰਾਧੀਆਂ ਅਤੇ ਪੀੜਤਾਂ ਦੀ ਪਛਾਣ ਹੋਈ ਅਤੇ ਚਾਰ ਨਵੇਂ ਆਨਲਾਈਨ ਗਿਰੋਹਾਂ ਦਾ ਵੀ ਪਤਾ ਲੱਗਿਆ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐਸ.) ਦੀ ਰਾਸ਼ਟਰੀ ਮੁਖੀ ਸਿਓਭਾਨ ਬਲੇਕ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਭਿਆਨਕ ਜਿਨਸੀ ਅਪਰਾਧਾਂ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਪੀੜਤ ਔਰਤਾਂ ਨਾਲ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਭਰੋਸੇ ਨੂੰ ਤੋੜ ਕੇ ਅਮਾਨਵੀ ਤਰੀਕੇ ਨਾਲ ਜੁਰਮ ਕੀਤੇ ਜਾਂਦੇ ਹਨ ਅਤੇ ਇਹ ਅਪਰਾਧ ਆਨਲਾਈਨ ਗੁਪਤਤਾ ਦੇ ਸਹਾਰੇ ਪਲਦੇ ਹਨ। ਉੱਧਰ ਨੈਸ਼ਨਲ ਸੈਂਟਰ ਫਾਰ ਵਾਇਲੈਂਸ ਅਗੇਂਸਟ ਵੂਮੈਨ ਐਂਡ ਗਰਲਜ਼ ਦੀ ਡਿਪਟੀ ਅਸਿਸਟੈਂਟ ਕਮਿਸ਼ਨਰ ਹੈਲਨ ਮਿਲੀਚੈਪ ਨੇ ਕਿਹਾ ਕਿ ਕਈ ਵਾਰ ਪੀੜਤਾਂ ਨੂੰ ਕਾਫ਼ੀ ਸਮੇਂ ਤੱਕ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ ਲੱਗੇ ਕਿ ਕੁਝ ਗਲਤ ਹੋਇਆ ਹੈ ਤਾਂ ਬਿਨਾਂ ਕਿਸੇ ਪੱਕੇ ਸਬੂਤ ਜਾਂ ਯਾਦ ਦੇ ਵੀ ਪੁਲਿਸ ਅਤੇ ਸਹਾਇਤਾ ਸੰਸਥਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਿੱਥੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਿਆ ਜਾਵੇਗਾ ਅਤੇ ਲੋੜੀਂਦੀ ਮਦਦ ਦਿੱਤੀ ਜਾਵੇਗੀ।