ਲੰਡਨ, 3 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਸ਼ਟਰੀ ਸਿਹਤ ਸੇਵਾ ਦੇਸ਼ ’ਚ ਸੁਸਤ ਜੀਵਨ ਸ਼ੈਲੀ ਨੂੰ ਖ਼ਤਮ ਕਰਨ ਅਤੇ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਇੱਕ ਨਵੀਂ ਤੇ ਅਨੋਖੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਜਿਸ ਨੂੰ “ਮੂਵਮੈਂਟ 26.2” ਦਾ ਨਾਮ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ, ਰੋਜ਼ਾਨਾ 30 ਮਿੰਟ ਪੈਦਲ ਚੱਲਣ ਵਾਲੇ ਲੋਕਾਂ ਨੂੰ ਖਾਸ ਤੋਹਫ਼ੇ ਤੇ ਇਨਾਮ ਦਿੱਤੇ ਜਾਣਗੇ। ਇਸ ਯੋਜਨਾ ਨੂੰ ਆਮ ਲੋਕਾਂ ਵਿਚ ‘ਮਹੀਨੇ ਵਿੱਚ ਇੱਕ ਮੈਰਾਥਨ’ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ। ਯੋਜਨਾ ਤਹਿਤ ਲੋਕਾਂ ਨੂੰ ਆਪਣੇ ਪੈਦਲ ਚੱਲਣ ਦੇ ਸਮੇਂ ਦਾ ਰਿਕਾਰਡ ਰੱਖਣ ਲਈ ਇਕ ਮੋਬਾਈਲ ਐਪ, ਵੈੱਬਸਾਈਟ ਜਾਂ ਸਮਾਰਟਵਾਚ ਦੀ ਵਰਤੋਂ ਕਰਨੀ ਹੋਵੇਗੀ। ਇਨਾਮ ਵਜੋਂ ਲੋਕਾਂ ਨੂੰ ਖਰੀਦੋ ਫਰੋਖਤ ਕਰਨ ਲਈ ਵਾਊਚਰ, ਮਸ਼ਹੂਰ ਬ੍ਰਾਂਡਾਂ ‘ਤੇ ਭਾਰੀ ਛੋਟ ਅਤੇ ਕੈਸ਼ਬੈਕ, ਡਿਜੀਟਲ ਮੈਡਲ ਅਤੇ ਬੈਜ ਆਦਿ ਦਿੱਤੇ ਜਾਇਆ ਕਰਨਗੇ। ਇਨ੍ਹਾਂ ਇਨਾਮਾਂ ਲਈ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਜਦਕਿ ਇਨਾਮਾਂ ਦਾ ਖਰਚਾ ਵੱਡੀਆਂ ਕਾਰਪੋਰੇਟ ਕੰਪਨੀਆਂ ਅਤੇ ਸਪਾਂਸਰਾਂ ਵੱਲੋਂ ਚੁੱਕਿਆ ਜਾਵੇਗਾ। ਇਹ ਯੋਜਨਾ ਸਰਕਾਰ ਦੇ 10-ਸਾਲਾ ਸਿਹਤ ਯੋਜਨਾਂ ਦਾ ਹਿੱਸਾ ਹੈ, ਜਿਸ ਨੂੰ ਓਲੰਪਿਕ ਮੈਡਲ ਜੇਤੂ ਸਿਰ ਬ੍ਰੈਂਡਨ ਫੋਸਟਰ ਅਤੇ ਏਅਰ ਮਾਈਲਜ਼ ਦੇ ਖੋਜੀ ਸਰ ਕੀਥ ਮਿਲਜ਼ ਦੀ ਦੇਖਰੇਖ ਹੇਠ ਤਿਆਰ ਕੀਤਾ ਗਿਆ ਹੈ। ਯੂ.ਕੇ. ਵਿਚ ਹਰ 6 ਵਿੱਚੋਂ 1 ਮੌਤ ਸਰੀਰਕ ਗਤੀਵਿਧੀ ਦੀ ਕਮੀ (ਨਾ ਚੱਲਣ-ਫਿਰਨ) ਕਾਰਨ ਹੁੰਦੀ ਹੈ। ‘ਸਪੋਰਟ ਇੰਗਲੈਂਡ’ ਦੇ ਅੰਕੜਿਆਂ ਮੁਤਾਬਕ, ਦੇਸ਼ ਦੇ ਲਗਭਗ 1.2 ਕਰੋੜ ਲੋਕ ਹਫ਼ਤੇ ਵਿੱਚ 30 ਮਿੰਟ ਵੀ ਕਸਰਤ ਨਹੀਂ ਕਰਦੇ। ਇਸ ਯੋਜਨਾ ਦੇ ਪਹਿਲੇ ਪੜਾਅ ਵਿਚ 100,000 (ਇਕ ਲੱਖ) ਲੋਕਾਂ ਨੂੰ ਸ਼ਾਮਲ ਕਰਕੇ ਇਸ ਦਾ ਪ੍ਰਯੋਗ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ।