ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਆਗੂ ਵਜੋਂ ਆਪਣੇ ਅਹੁਦੇ ਤੋਂ ਹਟਣ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਨਿੱਜੀ ਫ਼ੈਸਲਾ ਦੱਸਿਆ ਹੈ। ਪਾਰਟੀ ਦੇ ਅੰਦਰੂਨੀ ਦਬਾਅ, ਕੈਬਨਿਟ ਮੰਤਰੀਆਂ ਦੇ ਅਸਤੀਫ਼ਿਆਂ ਅਤੇ ਲੋਕਾਂ ਵਿੱਚ ਘਟਦੀ ਹਰਮਨਪਿਆਰਤਾ ਤੋਂ ਬਾਅਦ ਸਟਾਰਮਰ ਨੇ ਅਧਿਕਾਰਤ ਤੌਰ ‘ਤੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ। ਬੀ ਬੀ ਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫ਼ੈਸਲਾ ਆਪਣੇ ਪਰਿਵਾਰ ਨਾਲ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਚੈਕਰਜ਼’ ਵਿਖੇ ਬਿਤਾਏ ਇੱਕ ਸ਼ਾਂਤ ਵੀਕਐਂਡ ਦੌਰਾਨ ਲਿਆ। ਜਦੋਂ ਮੈਂ, ਮੇਰੀ ਪਤਨੀ ਵਿੱਕ ਅਤੇ ਬੱਚੇ ਚੈਕਰਜ਼ ਗਏ ਹੋਏ ਸੀ। ਅਸੀਂ ਇੱਕ ਪਰਿਵਾਰ ਵਜੋਂ ਉੱਥੇ ਦੋ ਦਿਨ ਬਿਤਾਏ, ਅਤੇ ਉਸੇ ਦੌਰਾਨ ਮੈਂ ਆਪਣਾ ਆਖਰੀ ਫ਼ੈਸਲਾ ਲਿਆ।” ਭਾਵੇਂ ਸਟਾਰਮਰ ਨੇ ਇਸ ਨੂੰ ਆਪਣਾ ਨਿੱਜੀ ਫ਼ੈਸਲਾ ਦੱਸਿਆ ਹੈ, ਪਰ ਇਸ ਦੇ ਪਿੱਛੇ ਸਿਆਸੀ ਹਾਲਾਤ ਕਾਫੀ ਖ਼ਰਾਬ ਸਨ। ਸਟਾਰਮਰ ਦਾ ਇਹ ਅਸਤੀਫ਼ਾ ਸਾਲ 2024 ਦੀਆਂ ਇਤਿਹਾਸਕ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਦੇ ਸਿਰਫ਼ ਦੋ ਸਾਲ ਬਾਅਦ ਆਇਆ ਹੈ।
ਸਥਾਨਕ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਪਾਰਟੀ ਵਿੱਚ ਸੰਕਟ ਖੜ੍ਹਾ ਹੋ ਗਿਆ। ਸਿਹਤ ਮੰਤਰੀ ਵੈਸ ਸਟ੍ਰੀਟਿੰਗ ਅਤੇ ਰੱਖਿਆ ਮੰਤਰੀ ਜੌਨ ਹੀਲੇ ਵਰਗੇ ਕਈ ਸੀਨੀਅਰ ਆਗੂਆਂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਗ੍ਰੇਟਰ ਮਾਨਚੈਸਟਰ ਦੇ ਸਾਬਕਾ ਮੇਅਰ ਐਂਡੀ ਬਰਨਹੈਮ ਵੱਲੋਂ ਮੇਕਰਫੀਲਡ ਦੀ ਅਹਿਮ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸਟਾਰਮਰ ‘ਤੇ ਦਬਾਅ ਬਹੁਤ ਵੱਧ ਗਿਆ। ਬਰਨਹੈਮ ਨੂੰ ਨਾਈਜਲ ਫਰੇਜ਼ ਦੀ ‘ਰਿਫਾਰਮ ਯੂਕੇ’ ਪਾਰਟੀ ਦਾ ਮੁਕਾਬਲਾ ਕਰਨ ਲਈ ਇੱਕ ਮਜ਼ਬੂਤ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਵਿਰੋਧੀਆਂ ਵੱਲੋਂ ਅਕਸਰ ਸਟਾਰਮਰ ਦੀ ਇਹ ਕਹਿ ਕੇ ਆਲੋਚਨਾ ਕੀਤੀ ਜਾਂਦੀ ਸੀ ਕਿ ਉਹ ਦੇਸ਼ ਦੇ ਅੰਦਰੂਨੀ ਮਸਲਿਆਂ ਨੂੰ ਛੱਡ ਕੇ ਵਿਦੇਸ਼ੀ ਮਾਮਲਿਆਂ ‘ਤੇ ਜ਼ਿਆਦਾ ਧਿਆਨ ਦਿੰਦੇ ਹਨ। ਆਪਣੇ ਇੰਟਰਵਿਊ ਵਿੱਚ ਸਟਾਰਮਰ ਨੇ ਆਪਣੇ ਕਾਰਜਕਾਲ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੇਬਰ ਪਾਰਟੀ ਨੂੰ “ਡੁੱਬਣ ਤੋਂ ਬਚਾਇਆ” ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਭਾਵੀ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ। ਉਨ੍ਹਾਂ ਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ ਕਿ ਕੋਈ ਆਧੁਨਿਕ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇਸ਼ ਦੇ ਮਸਲਿਆਂ ‘ਤੇ ਧਿਆਨ ਦੇਣ ਲਈ ਵਿਸ਼ਵ ਪੱਧਰ ਦੀ ਸਿਆਸਤ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ। ਉਨ੍ਹਾਂ ਕਿਹਾ “ਜੇਕਰ ਤੁਸੀਂ ਪ੍ਰਧਾਨ ਮੰਤਰੀ ਹੋ ਅਤੇ ਤੁਸੀਂ ਦੇਸ਼ ਦੇ ਘਰਾਂ ਦੇ ਬਿਜਲੀ-ਪਾਣੀ ਦੇ ਬਿੱਲਾਂ ਦੀ ਪਰਵਾਹ ਕਰਦੇ ਹੋ, ਤਾਂ ਤੁਹਾਨੂੰ ਯੂਕਰੇਨ ਦੇ ਹਾਲਾਤ ਅਤੇ ਹੋਰਮੁਜ਼ ਜਲਡਮਰੂ ਦੇ ਮਸਲਿਆਂ ਦਾ ਪੱਕਾ ਹੱਲ ਲੱਭਣ ਦੀ ਵੀ ਪਰਵਾਹ ਕਰਨੀ ਪਵੇਗੀ। ਇਹ ਸੋਚਣਾ ਬਿਲਕੁਲ ਵੀ ਸਮਝਦਾਰੀ ਨਹੀਂ ਹੈ ਕਿ ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਸਕਦੇ ਹੋ।” ਕੀਰ ਸਟਾਰਮਰ ਫਿਲਹਾਲ ਲੇਬਰ ਪਾਰਟੀ ਦੇ ਨਵੇਂ ਆਗੂ ਦੀ ਚੋਣ ਹੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਨਵੇਂ ਆਗੂ ਦੇ ਨਾਂ ਦਾ ਐਲਾਨ ਸਤੰਬਰ ਵਿੱਚ ਸੰਸਦ ਦੇ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ।
‘ਅਸਤੀਫ਼ਾ ਦੇਣ ਦਾ ਫ਼ੈਸਲਾ ਪੂਰੀ ਤਰ੍ਹਾਂ ਨਿੱਜੀ ਸੀ’-ਪ੍ਰਧਾਨ ਮੰਤਰੀ ਕੀਰ ਸਟਾਰਮਰ
ਅਜੀਤ ਡੈਸਕ
05-07-2026