ਨਿਊਯਾਰਕ, 4 ਜੁਲਾਈ (ਰਾਜੂ ਸਹਿਬਾਜ਼ਪੁਰਾ)-ਸਟੇਟ ਟਰੂਪਰ ਮਾਈਕਲ ਪਹਿਰਾ ਜੂਨੀਅਰ ਦੀ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ 33 ਸਾਲਾ ਟਰੱਕ ਡਰਾਈਵਰ ਮਾਈਕਲ ਬੋਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਵਾਹਨ ਰਾਹੀਂ ਮੌਤ ਦਾ ਕਾਰਨ ਬਣਨ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਅਮਰੀਕੀ ਹੋਮਲੈਂਡ ਸਿਕਿਉਰਟੀ ਵਿਭਾਗ ਮੁਤਾਬਕ ਦੋਸ਼ੀ ਹੈਤੀ ਦਾ ਨਾਗਰਿਕ ਹੈ। ਉਹ 2024 ਵਿੱਚ ਪੈਰੋਲ ਤਹਿਤ ਅਮਰੀਕਾ ਆਇਆ ਸੀ, ਪਰ ਬਾਅਦ ਵਿੱਚ ਉਸ ਦੀ ਕਾਨੂੰਨੀ ਰਹਾਇਸ਼ ਦੀ ਇਜਾਜ਼ਤ ਖ਼ਤਮ ਕਰ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਛੱਡਣ ਦੇ ਨੋਟਿਸ ਦੇ ਬਾਵਜੂਦ ਉਹ ਅਮਰੀਕਾ ਵਿੱਚ ਹੀ ਰਿਹਾ, ਜਿਸ ਕਾਰਨ ਹੁਣ ਉਸ ‘ਤੇ ਇਮੀਗ੍ਰੇਸ਼ਨ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਹ ਹਾਦਸਾ ਪੈਨਸਿਲਵੇਨੀਆ ਦੇ ਇੰਟਰਸਟੇਟ-81 ‘ਤੇ ਉਸ ਵੇਲੇ ਵਾਪਰਿਆ ਜਦੋਂ ਟਰੂਪਰ ਮਾਈਕਲ ਪਹਿਰਾ ਵਪਾਰਕ ਵਾਹਨਾਂ ਦੀ ਸੁਰੱਖਿਆ ਜਾਂਚ ਕਰ ਰਹੇ ਸਨ। ਘਟਨਾ ਤੋਂ ਬਾਅਦ ਪੂਰੇ ਰਾਜ ਵਿੱਚ ਸੋਗ ਦੀ ਲਹਿਰ ਹੈ ਅਤੇ ਜਾਂਚ ਏਜੰਸੀਆਂ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰ ਰਹੀਆਂ ਹਨ।